ਰਿਸ਼ਵਤ ਲੈਣ ਦੇ ਦੋਸ਼ ਹੇਠ ਲਾਲੜੂ ਪੁਲੀਸ ਦਾ ਏ ਐੱਸ ਆਈ ਕਾਬੂ
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਜ਼ਿਲ੍ਹਾ ਮੁਹਾਲੀ ਦੇ ਲਾਲੜੂ ਥਾਣੇ ਵਿੱਚ ਤਾਇਨਾਤ ਏਐਸਆਈ ਬਲਜਿੰਦਰ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਬਿਊਰੋ ਦੇ ਅਧਿਕਾਰਤ ਬੁਲਾਰੇ ਨੇ...
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਜ਼ਿਲ੍ਹਾ ਮੁਹਾਲੀ ਦੇ ਲਾਲੜੂ ਥਾਣੇ ਵਿੱਚ ਤਾਇਨਾਤ ਏਐਸਆਈ ਬਲਜਿੰਦਰ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਪਿੰਡ ਛੰਨਾ ਗੁਲਾਬ ਸਿੰਘ (ਜ਼ਿਲ੍ਹਾ ਬਠਿੰਡਾ) ਦੇ ਵਸਨੀਕ ਦੀ ਸ਼ਿਕਾਇਤ ’ਤੇ ਕੀਤੀ ਗਈ। ਸ਼ਿਕਾਇਤਕਰਤਾ ਇਸ ਸਮੇਂ ਖਰੜ ਦੀ ਗਿਲਕੋ ਵੈਲੀ ‘ਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਏਐਸਆਈ ਬਲਜਿੰਦਰ ਉਸ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 406 ਅਤੇ 420 ਹੇਠ ਦਰਜ ਮਾਮਲੇ ਦੀ ਜਾਂਚ ਕਰ ਰਿਹਾ ਸੀ ਅਤੇ ਉਸ ਨੇ 1.30 ਲੱਖ ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਅਨੁਸਾਰ, ਇਹ ਰਕਮ ਉਸ ਤੋਂ ਜਾਂਚ ਦੌਰਾਨ ਪੱਖ ਲੈਣ, 10 ਲੱਖ ਰੁਪਏ ਦੀ ਠੱਗੀ ਦੇ ਪੈਸੇ ਵਸੂਲਣ ਤੋਂ ਬਚਾਉਣ, ਭਵਿੱਖੀ ਕਾਰਵਾਈ ਵਿੱਚ ਨਰਮੀ ਅਤੇ ਉਸ ਦੀ ਜ਼ਬਤ ਕੀਤੀ ਗੱਡੀ ਛੱਡਣ ਦੇ ਬਦਲੇ ਮੰਗੀ ਗਈ ਸੀ। ਪਹਿਲੀ ਕਿਸ਼ਤ ਵਜੋਂ 30 ਹਜ਼ਾਰ ਰੁਪਏ ਤੁਰੰਤ ਦੇਣ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾ ਨੇ ਗੱਲਬਾਤ ਦੀ ਰਿਕਾਰਡਿੰਗ ਵੀ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪ ਦਿੱਤੀ।
ਵਿਜੀਲੈਂਸ ਬਿਊਰੋ ਨੇ ਤੁਰੰਤ ਕਾਰਵਾਈ ਕਰਦਿਆਂ ਉਡਨ ਦਸਤਾ ਤਾਇਨਾਤ ਕੀਤਾ। ਯੋਜਨਾ ਅਨੁਸਾਰ, ਏਐਸਆਈ ਨੇ ਸ਼ਿਕਾਇਤਕਰਤਾ ਨੂੰ ਲਾਲੜੂ ਨੈਸ਼ਨਲ ਹਾਈਵੇਅ ‘ਤੇ ਪੰਜਾਬੀ ਵੈਸ਼ਨੋ ਢਾਬੇ ‘ਤੇ ਮਿਲਣ ਲਈ ਬੁਲਾਇਆ ,ਜਿੱਥੇ ਉਹ ਆਪਣੀ ਨਿੱਜੀ ਗੱਡੀ ‘ਚ ਪਹੁੰਚਿਆ। ਵਿਜੀਲੈਂਸ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਉਸ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਹੇਠ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।