ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ, ਪਟਿਆਲਾ ਅਤੇ ਚੰਡੀਗੜ੍ਹ ਸੱਭਿਆਚਾਰਕ ਮਾਮਲੇ ਵਿਭਾਗ ਦੀ ਅਗਵਾਈ ਹੇਠ ਮਨੀਮਾਜਰਾ ਦੇ ਕਲਾਗ੍ਰਾਮ ’ਚ ਰਹੇ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਵਿੱਚ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਦੇਸ਼ ਦੀ ਅਮੀਰ ਸੱਭਿਆਚਾਰਕ ਪਰੰਪਰਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸ੍ਰੀ ਕਟਾਰੀਆ ਨੇ ਕਿਹਾ ਕਿ ਆਤਮ-ਨਿਰਭਰ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਦੇਸ਼ ਭਰ ਦੇ ਸਾਰੇ ਸੱਭਿਆਚਾਰਕ ਕੇਂਦਰ ਭੂਮਿਕਾ ਨਿਭਾ ਰਹੇ ਹਨ। ਕਟਾਰੀਆ ਨੇ ਕਲਾਕਾਰਾਂ ਨੂੰ ਲੋਕ ਕਲਾ ਖੋਜੀ ਅਤੇ ਯੁਵਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਡਾ. ਰਾਜੇਸ਼ ਕੁਮਾਰ ਵਿਆਸ ਦੀ ਕਿਤਾਬ ‘ਨਾਟਯ ਸ਼ਾਸਤਰ-ਪੰਜਵੇਂ ਵੇਦ ’ਤੇ ਇਕਾਗਰਤਾ’ ਵੀ ਰਿਲੀਜ਼ ਕੀਤੀ।
ਇਸ ਤੋਂ ਪਹਿਲਾਂ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਡਾਇਰੈਕਟਰ ਫੁਰਕਾਨ ਖਾਨ ਨੇ ਰਾਜਪਾਲ ਕਟਾਰੀਆ, ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਤੇ ਸੱਭਿਆਚਾਰਕ ਸਕੱਤਰ ਮਨਦੀਪ ਬਰਾੜ ਅਤੇ ਚੰਡੀਗੜ੍ਹ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸੌਰਭ ਅਰੋੜਾ ਦਾ ਸਵਾਗਤ ਕੀਤਾ।
ਮਨਮੋਹਨ ਵਾਰਿਸ ਨੇ ਗੀਤਾਂ ਨਾਲ ਸਰੋਤੇ ਕੀਲੇ
ਮੇਲੇ ’ਚ ਪੰਜਾਬੀ ਗਾਇਕ ਮਨਮੋਹਨ ਵਾਰਿਸ ਨੇ ਆਪਣੇ ਗੀਤਾਂ ਦੀ ਛਹਿਬਰ ਲਾਈ ਅਤੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਵਾਰਿਸ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਦੂਰ ਰਹਿ ਕੇ ਸਿਹਤਮੰਦ ਰਹਿਣ ਲਈ ਉਤਸ਼ਾਹਿਤ ਕੀਤਾ ਤੇ ਪਾਣੀ ਬਚਾਓ ਮੁਹਿੰਮ ਤੇ ਬਾਲ ਮਜ਼ਦੂਰੀ ਬਾਰੇ ਸੰਦੇਸ਼ ਵੀ ਸਾਂਝੇ ਕੀਤੇ। ਵੇਲਜ਼ (ਯੂ ਕੇ) ਵਿੱਚ ਹੋਏ ਵਿਸ਼ਵ ਲੋਕ ਮੁਕਾਬਲੇ ਵਿੱਚ ਅੱਵਲ ਰਹੇ ਪੰਜਾਬ ਦੇ ਬੱਚਿਆਂ ਭੰਗੜਾ ਪਾਇਆ।

