ਬਨੂੜ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ
ਬਨੂੜ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਆਰੰਭ ਹੋ ਗਈ ਹੈ। ਮੰਡੀ ਵਿੱਚ ਅੱਜ ਪਿੰਡ ਕਰਾਲੀ ਤੋਂ ਪਾਲ ਸਿੰਘ ਵੱਲੋਂ 12 ਵਿੱਘੇ ਵਿਚੋਂ ਕਟਾਈ ਗਈ ਝੋਨੇ ਦੀ ਫ਼ਸਲ ਪਹੁੰਚੀ। ਕਿਸਾਨ ਨੇ ਦੱਸਿਆ ਉਨ੍ਹਾਂ ਦਾ ਪੀਆਰ-126 ਕਿਸਮ ਦਾ ਬੀਜ ਸੀ, ਜਿਸ ਨੂੰ ਪੂਰੀ ਤਰਾਂ ਪੱਕਣ ਮਗਰੋਂ ਕਟਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਖਾਲੀ ਹੋਏ ਖੇਤ ਵਿੱਚ ਉਹ ਆਲੂ ਦੀ ਫ਼ਸਲ ਦੀ ਪੈਦਾਵਾਰ ਕਰੇਗਾ। ਝੋਨੇ ਦੀ ਇਹ ਫ਼ਸਲ ਜੈਨ ਟਰੇਡਰਜ਼ ਦੇ ਮਾਲਕ ਜਨਿੰਦਰ ਜੈਨ ਦੀ ਆੜ੍ਹਤ ’ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਇਹ ਝੋਨਾ ਅੱਜ ਸ਼ਾਮ ਤੱਕ ਪੂਰੀ ਤਰਾਂ ਸੁੱਕ ਜਾਵੇਗਾ, ਜਿਸ ਮਗਰੋਂ ਇਸ ਦੀ ਭਰਾਈ ਕਰਾਈ ਜਾਵੇਗੀ। ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪੁਨੀਤ ਜੈਨ ਬਨੂੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ 16 ਸਤੰਬਰ ਤੋਂ ਸਰਕਾਰੀ ਖਰੀਦ ਆਰੰਭ ਹੋਣੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਾਹਲੀ ਨਾ ਕਰਨ ਅਤੇ ਪੂਰੀ ਤਰਾਂ ਪੱਕਿਆ ਹੋਇਆ ਝੋਨਾ ਕਟਵਾਉਣ ਅਤੇ ਸੁੱਕਿਆ ਹੋਇਆ ਝੋਨਾ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਮੰਡੀਆਂ ਵਿਚ ਝੋਨਾ ਵੇਚਣ ਲਈ ਕੋਈ ਦਿੱਕਤ ਨਾ ਆਵੇ।
ਮਾਰਕੀਟ ਕਮੇਟੀ ਵੱਲੋਂ ਝੋਨੇ ਦੀ ਖਰੀਦ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੰਡੀ ਦੀ ਸਫ਼ਾਈ ਕਰਾਈ ਜਾ ਚੁੱਕੀ ਹੈ। ਬਿਜਲੀ ਅਤੇ ਪਾਣੀ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ। ਪੰਜਾਬ ਵਿੱਚ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ। ਅੱਜ ਹੋਰ ਕਈ ਪਿੰਡਾਂ ਵਿਚ ਵੀ ਝੋਨੇ ਦੀ ਕਟਾਈ ਆਰੰਭ ਹੋਣ ਦੀ ਸੂਚਨਾ ਮਿਲੀ ਹੈ। ਕੰਬਾਈਨਾਂ ਨਾਲ ਝੋਨੇ ਦੀ ਕਟਾਈ ਕਰਾਈ ਜਾ ਰਹੀ ਹੈ।