ਦਰਿਆ ਸਤਲੁਜ ਵਿੱਚ ਪਾੜ ਪੈਣ ਤੋਂ ਰੋਕਣ ਲਈ ਫੌਜ ਨੇ ਮੋਰਚਾ ਸੰਭਾਲਿਆ
ਨਜ਼ਦੀਕੀ ਕਸਬਾ ਬੇਲਾ ਨੇੜਿਓ ਲੰਘਦੇ ਦਰਿਆ ਸਤਲੁਜ ਵਿੱਚ ਪਿੰਡ ਦਾਊਦਪੁਰ ਦੇ ਸਾਹਮਣੇ ਪਾੜ ਪੈਣ ਤੋਂ ਰੋਕਣ ਲਈ ਬੀਤੀ ਦੇਰ ਰਾਤ ਤੋਂ ਫੌਜ ਦੇ ਜਵਾਨਾਂ ਵੱਲੋਂ ਮੋਰਚਾ ਸੰਭਾਲ ਲਿਆ ਗਿਆ।
ਇਸ ਪਾੜ ਨੂੰ ਠੀਕ ਕਰਨ ਲਈ ਇਲਾਕੇ ਦੇ ਸੈਂਕੜੇ ਨੌਜਵਾਨਾਂ, ਬਜ਼ੁਰਗਾਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵੱਲੋ ਦਰਖ਼ਤਾਂ ਅਤੇ ਮਿੱਟੀ ਦੇ ਥੈਲਿਆਂ ਨਾਲ ਮਜਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਦਰਿਆ ਦਾ ਬੰਨ੍ਹ ਟੁੱਟ ਕੇ ਇਲਾਕੇ ਦਾ ਜਾਨੀ ਮਾਲੀ ਅਤੇ ਪਸ਼ੂ ਧੰਨ ਦਾ ਨੁਕਸਾਨ ਨਾ ਕਰ ਸਕੇ। ਇਸ ਕਾਰਜ ਲਈ ਸੈਕੜਿਆਂ ਦੀ ਤਾਦਾਦ ਵਿੱਚ ਨੌਜਵਾਨ ਤੇ ਬਜ਼ੁਰਗ ਸਵੇਰ ਢਾਈ ਵਜੇ ਤੋਂ ਹੀ ਡਟੇ ਹੋਏ ਹਨ ।
ਜਿਨ੍ਹਾਂ ਨੇ ਫੌਜ ਦੇ ਜਵਾਨ ਅਤੇ ਸਥਾਨਕ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਰਿਆ ਦੇ ਪਾਣੀ ਨੂੰ ਲਗਾਤਾਰ ਬੰਨ੍ਹ ਵੱਲ ਵੱਧਣ ਤੋਂ ਠੱਲ ਪਾ ਦਿੱਤੀ ਹੈ, ਜਿਸ ਕਾਰਨ ਸਥਿਤੀ ਕੰਟਰੋਲ ਹੇਠ ਹੋ ਜਾਣ ਕਾਰਨ ਇਲਾਕਾ ਵਾਸੀਆਂ ਵਿੱਚ ਪਿਛਲੇ ਦਿਨਾਂ ਤੋਂ ਪਾਇਆ ਜਾ ਰਿਹਾ ਡਰ ਤੇ ਸਹਿਮ ਕਾਫ਼ੀ ਹੱਦ ਤੱਕ ਦੂਰ ਹੋ ਗਿਆ ਹੈ ਪਰ ਇਨ੍ਹਾਂ ਬਚਾਅ ਕਾਰਜਾਂ ਵਿੱਚ ਰੁੱਝੇ ਲੋਕਾਂ ਵੱਲੋਂ ਪੰਜਾਬ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੋਈ ਖਾਸ ਸਹਿਯੋਗ ਨਾ ਮਿਲਣ ਦੇ ਵੀ ਦੋਸ਼ ਲਗਾਏ ਗਏ ਹਨ।