ਹੜ੍ਹ ਕਾਰਨ ਨੁਕਸਾਨੇ ਮਕਾਨ ਮੁੜ ਬਣਾਉਣ ਲਈ ਮਨਜ਼ੂਰੀ ਪੱਤਰ ਵੰਡੇ
ਮਕਾਨਾਂ ਦੀ ੳੁਸਾਰੀ ਲਈ 122 ਲਾਭਪਾਤਰੀਆਂ ਨੂੰ 2.06 ਕਰੋੜ ਰੁਪਏ ਵੰਡੇ: ਰੰਧਾਵਾ
ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਕਮਿਊਨਿਟੀ ਸੈਂਟਰ ਵਿੱਚ 30 ਪਿੰਡਾਂ ਦੇ 122 ਅਨੁਸੂਚਿਤ ਜਾਤੀ ਤੇ ਹੋਰ ਯੋਗ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਵੰਡੇ, ਜਿਸ ਨਾਲ ਉਹ ਹਾਲ ਹੀ ਵਿੱਚ ਭਾਰੀ ਬਾਰਸ਼ ਅਤੇ ਹੜ੍ਹਾਂ ਦੌਰਾਨ ਨੁਕਸਾਨੇ ਗਏ ਘਰਾਂ ਦੇ ਪੁਨਰ ਨਿਰਮਾਣ ਕਰ ਸਕਣਗੇ। ਇਹ ਵਿੱਤੀ ਸਹਾਇਤਾ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਪੰਜਾਬ ਸਰਕਾਰ ਦੀ ਬੇਨਤੀ ’ਤੇ ਵਿਸ਼ੇਸ਼ ਤੌਰ 'ਤੇ ਮਨਜ਼ੂਰ ਕੀਤੀ ਗਈ ਹੈ। ਇਨ੍ਹਾਂ ਪਿੰਡਾਂ ਵਿੱਚ ਅਮਲਾਲਾ, ਬਡਾਣਾ, ਬੱਲੋਪੁਰ, ਬਰੋਲੀ, ਬਸੋਲੀ, ਬਟੌਲੀ, ਭਾਗਸੀ, ਭਗਵਾਨਪੁਰ, ਭਾਂਖਰਪੁਰ, ਬੀਜਨਪੁਰ, ਧਰਮਗੜ੍ਹ, ਫਤਿਹਪੁਰ ਜੱਟਾਂ, ਹਮਾਂਯੂਪੁਰ, ਜੜੋਤ, ਜਸਤਾਣਾ ਕਲਾਂ, ਝਰਮੜੀ, ਜੌਲਾ ਕਲਾਂ, ਜੌਲਾ ਖੁਰਦ, ਕਾਰਕੌਰ, ਰਾਜੋਮਾਜਰਾ, ਰਾਣੀ ਮਾਜਰਾ, ਰੱਜਾਪੁਰ, ਸੰਗੋਥਾ, ਸਰਸੀਨੀ, ਸਿੰਘਪੁਰ, ਤੜਾਕ, ਟਿਵਾਣਾ ਅਤੇ ਤੋਗਾਂਪੁਰ ਪਿੰਡ ਸ਼ਾਮਲ ਹਨ।
ਘਰਾਂ ਦੇ ਨਿਰਮਾਣ ਲਈ ਕੁੱਲ 122 ਮਕਾਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਰੇਕ ਲਾਭਪਾਤਰੀ ਨੂੰ 1.20 ਲੱਖ ਰੁਪਏ, ਉਸਾਰੀ ਪ੍ਰਗਤੀ ਦੇ ਆਧਾਰ 'ਤੇ 70,000 ਰੁਪਏ, 40,000 ਰੁਪਏ ਅਤੇ 10,000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ, ਹਰੇਕ ਨੂੰ ਮਨਰੇਗਾ ਤਹਿਤ 31,000 ਰੁਪਏ ਮਜ਼ਦੂਰੀ ਦੀ ਲਾਗਤ ਵਜੋਂ ਵੱਖਰੇ ਤੌਰ ’ਤੇ ਪ੍ਰਾਪਤ ਹੋਣਗੇ। ਵਿਧਾਇਕ ਰੰਧਾਵਾ ਨੇ ਕਿਹਾ ਕਿ ਇਹ ਵਿਸ਼ੇਸ਼ ਗ੍ਰਾਂਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਹੜ੍ਹ ਪ੍ਰਭਾਵਿਤ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਦੇ ਅਣਥੱਕ ਯਤਨਾਂ ਸਦਕਾ ਸੰਭਵ ਹੋਈ ਹੈ।

