ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਵਾਈਸ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਦਿੱਤੇ ਜਾ ਰਹੇ ਦਿਨ-ਰਾਤ ਦੇ ਧਰਨੇ ਵਿੱਚ ਵੱਖ-ਵੱਖ ਵਿਦਿਆਰਥੀ, ਸਿਆਸੀ, ਧਾਰਮਿਕ, ਸਮਾਜਿਕ, ਕਿਸਾਨ-ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਆਮਦ ਦਿਨੋ-ਦਿਨ ਵਧ ਰਹੀ ਹੈ। ਮੋਰਚੇ ਵੱਲੋਂ ਜਨਤਕ ਜਮਹੂਰੀ ਜਥੇਬੰਦੀਆਂ ਨਾਲ 20 ਨਵੰਬਰ ਦੀ ਰੱਖੀ ਗਈ ਮੀਟਿੰਗ ਕਰਕੇ ਹੋਰ ਵੀ ਭੀੜ ਹੁੰਦੀ ਜਾ ਰਹੀ ਹੈ।
ਅੱਜ ਜਨਹਿੱਤ ਵਿਕਾਸ ਮੰਚ ਖਰੜ ਦਾ ਜਥਾ ਰਣਜੀਤ ਸਿੰਘ ਹੰਸ ਪ੍ਰਧਾਨ ਅਤੇ ਬ੍ਰਿਜ ਮੋਹਨ ਸ਼ਰਮਾ ਜਨਰਲ ਸਕੱਤਰ ਦੀ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਧਰਨੇ ਵਿੱਚ ਸ਼ਾਮਲ ਹੋਇਆ। ਸੈਕਟਰ 42 ਝੀਲ ’ਤੇ ਇਕੱਠੇ ਹੋਏ ਇਸ ਜਥੇ ਵਿੱਚ ਮੰਚ ਦੇ ਅਹੁਦੇਦਾਰ ਜੁਗਿੰਦਰ ਸਿੰਘ, ਰਜਿੰਦਰ ਸਿੰਘ ਸੋਹਲ, ਸੇਵਾ ਸਿੰਘ, ਕਰਨੈਲ ਸਿੰਘ, ਜਸਬੀਰ ਸਿੰਘ, ਬਲੇਸ ਕੁਮਾਰ, ਮਨਜੀਤ ਕੌਰ ਸੋਨੂ ਤੇ ਮੈਂਬਰ ਹਰਵਿੰਦਰ ਕੌਰ, ਤਿਰਮਨਜੋਤ ਕੌਰ, ਚਰਨਜੀਤ ਕੌਰ, ਰਣਧੀਰ ਸਿੰਘ, ਰਣਧੀਰ ਸਿੰਘ, ਰਾਮ ਕ੍ਰਿਸ਼ਨ ਤੇ ਖਰੜ ਦੇ ਕਾਫੀ ਸ਼ਹਿਰੀ ਹਾਜ਼ਰ ਸਨ। ਜਥਾ ਕਾਫਿਲੇ ਦੇ ਰੂਪ ’ਚ ਪੰਜਾਬ ਯੂਨੀਵਰਸਿਟੀ ਵਿਖੇ ‘ਕੇਂਦਰ ਸਰਕਾਰ ਮੁਰਦਾਬਾਦ’ ਦੇ ਨਾਅਰੇ ਮਾਰਦੇ ਪਹੁੰਚਿਆ ਤੇ ਧਰਨੇ ’ਚ ਸ਼ਾਮਲ ਹੋਇਆ। ਜਥੇ ਦਾ ਵਿਦਿਆਰਥੀ ਲੀਡਰਸ਼ਿਪ ਨੇ ਸਵਾਗਤ ਕੀਤਾ ਉਸ ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਵਿਦਿਆਰਥੀ ਮੰਚ ਬੁਲਾਰਿਆਂ ਨੇ ਕਿਹਾ ਕਿ ਜਨ ਹਿੱਤ ਵਿਕਾਸ ਮੰਚ ਵੱਲੋਂ ਵਿਦਿਆਰਥੀਆਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ’ਚ ਵੀ ਜਦੋਂ ਤੱਕ ਪੰਜਾਬ ਯੂਨੀਵਰਸਿਟੀ ਜਾਂ ਕੇਂਦਰ ਸਰਕਾਰ ਸੈਨੇਟ ਚੋਣਾਂ ਦਾ ਐਲਾਨ ਨਹੀਂ ਕਰਦੀ, ਵਿਦਿਆਰਥੀਆਂ ਦੇ ਸੰਘਰਸ਼ ਦਾ ਡੱਟ ਕੇ ਸਾਥ ਦਿੱਤਾ ਜਾਵੇਗਾ। ਹੰਸ ਨੇ ਕੇਂਦਰ ਸਰਕਾਰ ਦੀ ਲੀਡਰਸ਼ਿਪ ਨੂੰ ਇਹ ਵੀ ਕਿਹਾ ਕਿ ਦੇਸ਼ ਵਿੱਚ ਫਿਰਕਾਪ੍ਰਸਤੀ ਦੇ ਬੀਜ ਬੀਜਣੇ ਬੰਦ ਕੀਤੇ ਜਾਣ। ਇਸ ਲਈ ਉੱਤਰੀ ਭਾਰਤ ਦੇ ਵਿਦਿਆਰਥੀ ਜਾਂ ਸਹਿਯੋਗੀ ਜਥੇਬੰਦੀਆਂ ਕਿਸੇ ਵੀ ਕੀਮਤ ’ਤੇ ਪੰਜਾਬ ਯੂਨੀਵਰਸਿਟੀ ’ਚ ਬਦਲਾਅ ਨਹੀਂ ਹੋਣ ਦੇਣਗੀਆਂ। ਵਿਦਿਆਰਥੀਆਂ ਦੇ ਧਰਨੇ ’ਚ ਅੱਜ ਪ੍ਰਸਿੱਧ ਪੰਜਾਬੀ ਟੀ ਵੀ ਮੇਜ਼ਬਾਨ, ਅਦਾਕਾਰ ਤੇ ਗਾਇਕਾ ਸਤਿੰਦਰ ਸੱਤੀ ਨੇ ਵੀ ਸ਼ਮੂਲੀਅਤ ਕੀਤੀ।

