ਐੱਨ ਕੇ ਸ਼ਰਮਾ ਨੇ ਬਟੌਲੀ ਵਿੱਚ ਪਸ਼ੂ ਪਾਲਕ ਦੀ ਮੌਤ ’ਤੇ ਦੁੱਖ ਪ੍ਰਗਟਾਇਆ
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਪੰਜਾਬ ਸਰਕਾਰ ਤੋਂ ਹੜ੍ਹਾਂ ਵਿੱਚ ਮਾਰੇ ਗਏ ਹਲਕੇ ਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ। ਸ੍ਰੀ ਸ਼ਰਮਾ ਨੇ ਅੱਜ ਬਟੌਲੀ ਵਿੱਚ ਪਸ਼ੂਆਂ ਦੇ ਸ਼ੈੱਡ ਦੇ ਢਹਿਣ ਕਾਰਨ ਮਾਰੇ ਗਏ ਪਸ਼ੂ ਪਾਲਕ ਜਸਵੀਰ ਸਿੰਘ ਦੇ ਘਰ ਦਾ ਦੌਰਾ ਕੀਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ। ਸ੍ਰੀ ਸ਼ਰਮਾ ਨੇ ਅੱਜ ਬਟੌਲੀ ਤੋਂ ਇਲਾਵਾ ਸਰਸੀਨੀ, ਸਾਧਾਂਪੁਰ, ਆਲਮਗੀਰ, ਖਜੂਰਮੰਡੀ, ਟਿਵਾਣਾ, ਡੰਗਡਹੀਰਾ ਆਦਿ ਦਾ ਦੌਰਾ ਕੀਤਾ। ਉਕਤ ਪਿੰਡਾਂ ਵਿੱਚ ਪਿੰਡ ਵਾਸੀਆਂ ਨੇ ਸਾਬਕਾ ਵਿਧਾਇਕ ਨੂੰ ਦੱਸਿਆ ਕਿ ਮੀਂਹ ਕਾਰਨ ਉਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਕਈ ਲੋਕਾਂ ਦੇ ਘਰਾਂ ਵਿੱਚ ਜਾਨਵਰਾਂ ਲਈ ਬਣਾਏ ਕਮਰੇ ਢਹਿ ਗਏ ਹਨ, ਪਰ ਹਾਲੇ ਤੱਕ ਕੋਈ ਸਰਕਾਰੀ ਮਦਦ ਉਨ੍ਹਾਂ ਤੱਕ ਨਹੀਂ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇੱਥੇ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ। ਇੱਕ ਦਰਜਨ ਤੋਂ ਵੱਧ ਲੋਕਾਂ ਦੇ ਘਰ ਢਹਿ ਗਏ ਹਨ। ਸਰਕਾਰ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।
ਰੰਧਾਵਾ ਵੱਲੋਂ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਗਾਤਾਰ ਪਏ ਮੀਂਹ ਕਾਰਨ ਪ੍ਰਭਾਵਿਤ ਕਈ ਪਿੰਡਾਂ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਦੌਰਾ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਪਿੰਡਾਂ ਦੇ ਦੌਰੇ ਦੌਰਾਨ ਬਟੋਲੀ ਵਿੱਚ ਪਸ਼ੂ ਪਾਲਕ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਝਰਮੜੀ, ਸੰਗੋਥਾ, ਧਰਮਗੜ੍ਹ, ਰਾਮਗੜ੍ਹ ਰੁੜਕੀ, ਮੀਰਪੁਰਾ ਅਤੇ ਜੜੌਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਰਾਮਗੜ੍ਹ ਰੁੜਕੀ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਰੰਧਾਵਾ ਨੇ ਹੰਡੇਸਰਾ ਨੇੜੇ ਪੈਂਦੀ ਟਾਂਗਰੀ ਨਦੀ ਦਾ ਮੌਕਾ ਦੇਖ ਕੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ।