ਝੋਨੇ ਦੀ ਖ਼ਰੀਦ ਨਾ ਹੋਣ ਤੋਂ ਖ਼ਫ਼ਾ ਕਿਸਾਨਾਂ ਨੇ ਮੰਡੀ ਨੂੰ ਤਾਲਾ ਲਾਇਆ
ਸ਼ਾਹਜ਼ਾਦਪੁਰ ਅਨਾਜ ਮੰਡੀ ਵਿੱਚ ਝੋਨੇ ਦੀ ਫ਼ਸਲ ਦੀ ਖ਼ਰੀਦ ਨਾ ਹੋਣ ਤੋਂ ਖ਼ਫ਼ਾ ਕਿਸਾਨਾਂ ਨੇ ਐਤਵਾਰ ਰਾਤ 8 ਵਜੇ ਤੋਂ ਮੰਡੀ ਦੇ ਗੇਟ ਨੂੰ ਤਾਲਾ ਲਾ ਦਿੱਤਾ ਅਤੇ ਮੰਡੀ ਦੇ ਬਾਹਰ ਅੰਬਾਲਾ- ਸ਼ਾਹਜ਼ਾਦਪੁਰ ਹਾਈਵੇਅ ’ਤੇ ਤਰਪਾਲਾਂ ਵਿਛਾ ਕੇ ਬੈਠ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਸੜਕ ’ਤੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰਕੇ ਸੜਕ ਜਾਮ ਕਰ ਦਿੱਤੀ। ਜਾਮ ਨੂੰ ਦੇਖਦਿਆਂ ਪੁਲੀਸ ਨੇ ਰੂਟ ਬਦਲ ਦਿੱਤਾ ਅਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਪੁਲੀਸ ਦੀ ਕੋਈ ਗੱਲ ਨਹੀਂ ਸੁਣੀ ਅਤੇ ਖ਼ਰੀਦ ਸ਼ੁਰੂ ਕਰਨ ਦੀ ਮੰਗ ’ਤੇ ਅੜੇ ਰਹੇ।
ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਵਿਕਰਮ ਰਾਣਾ, ਮੁਖ਼ਤਿਆਰ ਸਿੰਘ, ਗੁਰਵਿੰਦਰ ਸਿੰਘ, ਗੁਰਜੀਤ ਸਿੰਘ ਧਮੋਲੀ, ਪ੍ਰਦੀਪ ਸਿੰਘ ਜਟਵਾੜ, ਗੁਰਵਿੰਦਰ ਸਿੰਘ ਜਟਵਾੜ ਅਤੇ ਹੋਰ ਕਿਸਾਨਾਂ ਦਾ ਕਹਿਣਾ ਸੀ ਕਿ ਮੰਡੀ ਵਿੱਚ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਸਰਕਾਰ ਖ਼ਰੀਦ ਪ੍ਰਕਿਰਿਆ ਸ਼ੁਰੂ ਨਹੀਂ ਕਰ ਰਹੀ। ਉਨ੍ਹਾਂ ਦੀਆਂ ਫ਼ਸਲਾਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ ਅਤੇ ਖ਼ਰਾਬ ਹੋਣ ਦਾ ਖ਼ਤਰਾ ਵੱਧ ਗਿਆ ਹੈ। ਅੱਜ ਸੋਮਵਾਰ ਦੁਪਹਿਰ ਨੂੰ ਐੱਸਡੀਐੱਮ ਸ਼ਿਵਜੀਤ ਭਾਰਤੀ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਖ਼ਰੀਦ ਸ਼ੁਰੂ ਕਰਵਾਈ ਤੇ ਜਾਮ ਹਟਵਾਇਆ।