ਸੂਬੇ ਭਰ ਵਿੱਚ ਹੈਲਪਰਾਂ ਤੋਂ ਵਰਕਰਾਂ ਦੀਆਂ ਪਦ-ਉੱਨਤੀਆਂ ਦੇ ਨਿਯਮਾਂ ਵਿੱਚ ਵਿਭਾਗ ਵੱਲੋਂ ਕੀਤੇ ਗਏ ਫੇਰਬਦਲ ਖ਼ਿਲਾਫ਼ ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਅੱਜ ਸੈਕਟਰ 34 ਸਥਿਤ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਯੂਨੀਅਨ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਦਿੱਤੇ ਗਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ ਨੇ ਵਿਸ਼ਵਾਸ ਦਿੱਤਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਵਿੱਢੇ ਗਏ ਸੰਘਰਸ਼ ਵਿੱਚ ਪੂਰਾ ਯੋਗਦਾਨ ਦਿੰਦੇ ਹੋਏ ਹਰ ਮੋਰਚੇ ਉੱਤੇ ਬਰਾਬਰ ਸਾਥ ਦਿੱਤਾ ਜਾਵੇਗਾ। ਸੂਬਾਈ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਹੈਲਪਰਾਂ ਨਾਲ ਦੋਗਲੀ ਨੀਤੀ ਅਪਣਾਈ ਜਾ ਰਹੀ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਯੂਨੀਅਨ ਮੰਗ ਕਰਦੀ ਹੈ ਕਿ ਹੈਲਪਰ ਦੀ ਪਦਉਨਤੀ ਉਸ ਦੀ ਭਰਤੀ ਸਮੇਂ ਦੀ ਯੋਗਤਾ ਅਤੇ ਤਜਰਬਾ ਮੁੱਖ ਰੱਖ ਕੇ ਕੀਤੀ ਜਾਵੇ। ਅੱਜ ਦੇ ਧਰਨੇ ਵਿੱਚ ਵਿਭਾਗੀ ਡਾਇਰੈਕਟਰ ਸੀਨਾ ਅਗਰਵਾਲ ਨਾਲ ਮੀਟਿੰਗ ਹੋਈ ਜਿਸ ਵਿੱਚ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਹੈਲਪਰਾਂ ਦੀ ਪਦ-ਉਨਤੀ ਵਿੱਚ ਤਰਜਬੇ ਨੂੰ ਮੁੱਖ ਰੱਖਿਆ ਜਾਵੇਗਾ ਅਤੇ ਛੇਤੀ ਯੋਗਤਾ ਤੋਂ ਬਾਅਦ ਦਾ ਤਜਰਬਾ ਇਸ ਲਾਈਨ ਨੂੰ ਠੀਕ ਕੀਤਾ ਜਾਵੇਗਾ।
ਇਸ ਸਬੰਧੀ ਫਾਈਲ ਅੱਗੇ ਭੇਜ ਦਿੱਤੀ ਹੈ। ਧਰਨੇ ਨੂੰ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਅਨੂਪ ਕੌਰ, ਗੁਰਮੀਤ ਕੌਰ ਗੁਰਪ੍ਰੀਤ ਕੌਰ, ਭਿੰਦਰ ਕੌਰ, ਗੁਰਬਖਸ਼ ਕੌਰ ਨੇ ਸੰਬੋਧਨ ਕੀਤਾ।
ਵਿਭਾਗ ਨੂੰ ਦਸ ਦਿਨ ਦਾ ਅਲਟੀਮੇਟਮ
ਯੂਨੀਅਨ ਦੇ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਅਤੇ ਜੁਆਇੰਟ ਸਕੱਤਰ ਗਰਦੀਪ ਕੌਰ ਨੇ ਦੱਸਿਆ ਕਿ ਧਰਨੇ ਦੌਰਾਨ ਡਾਇਰੈਕਟਰ ਨਾਲ ਮੀਟਿੰਗ ਉਪਰੰਤ ਯੂਨੀਅਨ ਆਗੂਆਂ ਨੇ ਵਿਭਾਗ ਨੂੰ 10 ਦਿਨਾਂ ਦਾ ਨੋਟਿਸ ਦੇ ਕੇ ਅੱਜ ਦਾ ਧਰਨਾ ਸਮਾਪਤ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਡਾਇਰੈਕਟਰ ਵੱਲੋਂ ਦਿੱਤੇ ਗਏ ਵਿਸ਼ਵਾਸ਼ ਮੁਤਾਬਕ ਮਸਲਾ ਹੱਲ ਨਾ ਹੋਇਆ ਤਾਂ 18 ਅਗਸਤ ਤੋਂ ਸੈਕਟਰ 34 ਸਥਿਤ ਮੁੱਖ ਦਫ਼ਤਰ ਵਿਖੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
ਸੰਘਰਸ਼ ਦਾ ਐਲਾਨ
ਕੁਰਾਲੀ (ਮਿਹਰ ਸਿੰਘ): ਜੁਝਾਰੂ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਨੇ ਆਂਗਨਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸਰਕਾਰ ਦੀ ਲਾਰੇ-ਲੱਪੇ ਵਾਲੀ ਨੀਤੀ ਦੀ ਸਖ਼ਤ ਨਿਖੇਧੀ ਕਰਦਿਆਂ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੀ ਸੂਬਾ ਪ੍ਰਧਾਨ ਰੀਮਾ ਰਾਣੀ, ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਰਕੌਲੀ ਨੇ ਦੱਸਿਆ ਕਿ ਵਿਭਾਗ ਦੇ ਮੰਤਰੀ ਨੇ ਪਿਛਲੇ ਸਾਲ ਰੱਖੜੀ ਤੋਂ ਪਹਿਲਾਂ ਯੂਨੀਅਨ ਨਾਲ ਮੀਟਿੰਗ ਕਰਕੇ ਰੱਖੜੀ ’ਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਤੋਹਫ਼ਾ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਮੁਲਾਜ਼ਮਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਲੈਣ ਤੋਂ ਸਿਵਾਏ ਕੁਝ ਨਹੀਂ ਕੀਤਾ ਜਿਸ ਕਾਰਨ ਮੁਲਾਜ਼ਮ ਆਪਣੇ ਬਣਦੇ ਹੱਕਾਂ ਲਈ ਤਰਸ ਰਹੇ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।