ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 19 ਜੂਨ
ਇਸ ਸਾਲ ਦਾ ਕੈਲੰਡਰ ਹੂਬਹੂ ਸਾਲ 1941 ਵਰਗਾ ਹੋਣ ਕਰਕੇ ਇੰਟਰਨੈੱਟ ’ਤੇ ਲੋਕ ਅਲੱਗ-ਅਲੱਗ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਸਾਲ 6 ਮਹੀਨਿਆਂ ’ਚ ਜੰਗਾਂ, ਜਹਾਜ਼ ਹਾਦਸੇ ਅਤੇ ਕੁਦਰਤੀ ਆਫਤਾਂ ਸਮੇਤ ਅਸੀਂ ਬਹੁਤ ਕੁਝ ਅਣਚਾਹਿਆ ਅਨੁਭਵ ਕਰ ਲਿਆ ਹੈ।
ਹੁਣ ਤੱਕ ਬੇਸ਼ੱਕ ਇਸ ਸਾਲ ਕਾਫੀ ਕੁਝ ਮਸ਼ਕਲਾਂ ਭਰਿਆ ਰਿਹਾ ਹੈ, ਪਰ ਇਸ ਨੂੰ ਲੈ ਕੇ ਇੰਟਰਨੈੱਟ ’ਤੇ ਲੋਕ ਵੱਖੋ-ਵੱਖਰੇ ਵਿਚਾਰ ਪ੍ਰਗਟਾ ਰਹੇ ਹਨ। ਇਸ ਸਾਲ ਦਾ ਕੈਲੰਡਰ ਹੂਬਹੂ 1941 ਦੇ ਕੈਲੰਡਰ ਵਰਗਾ ਹੈ ਅਤੇ ਇਸ ਨੂੰ ਆਲਮੀ ਤਣਾਅ ਵਾਲਾ ਸਾਲ ਵੀ ਕਿਹਾ ਜਾ ਰਿਹਾ ਹੈ। ਗ਼ੌਰਤਲਬ ਹੈ ਕਿ 1941 ਉਹ ਸਾਲ ਸੀ ਜਦ ਅਮਰੀਕਾ ਨੇ ਦੂਜੀ ਸੰਸਾਰ ਜੰਗ ਵਿੱਚ ਹਿੱਸਾ ਲਿਆ ਸੀ ਜਿਸ ਕਰ ਕੇ ਇਤਿਹਾਸ ਵਿੱਚ ਇੱਕ ਹੋਰ ਦੁਖਾਂਤ ਭਰੀ ਘਟਨਾ ਦਰਜ ਹੋਈ।
ਇਸ ਲਈ ਲੋਕ ਖ਼ਦਸ਼ਾ ਜਤਾ ਰਹੇ ਹਨ ਕਿ ਇਸ ਸਾਲ ਵੀ ਉਸ ਸਾਲ ਵਰਗਾ ਨਾ ਕੁਝ ਹੋ ਜਾਵੇ। ਪਰ ਜ਼ਰੂਰੀ ਨਹੀਂ ਜੋ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਚੱਲ ਰਹੀ ਹੈ, ਉਹ ਅਸਲੀਅਤ ਵਿੱਚ ਵੀ ਹੋਵੇ।
ਦਿਨਾਂ ਦਾ ਦੁਹਰਾਇਆ ਜਾਣਾ ਆਮ ਵਰਤਾਰਾ ਹੈ। 2025 ਦਾ ਹੀ ਨਹੀਂ, ਸਗੋਂ 1969 ਦਾ ਵੀ ਕੈਲੰਡਰ ਮਿਲਦਾ-ਜੁਲਦਾ ਸੀ। ਆਖ਼ਰਕਾਰ, ਇਹ ਨੰਬਰਾਂ ਦੀ ਖੇਡ ਹੈ।