ਬੋਲੀ ਦੀ ਰਕਮ ਦਾ ਭੁਗਤਾਨ ਨਾ ਹੋਣ ’ਤੇ ਦੋ ਜਾਇਦਾਦਾਂ ਦੀ ਅਲਾਟਮੈਂਟ ਰੱਦ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਜਾਇਦਾਦ ਖੀਰਦਣ ਦੇ ਚਾਹਵਾਨਾਂ ਵੱਲੋਂ ਮਹਿੰਗੇ ਭਾਅ ’ਤੇ ਜਾਇਦਾਦਾਂ ਦੀ ਖਰੀਦ ਲਈ ਬੋਲੀ ਤਾਂ ਲਗਾ ਦਿੱਤੀ ਗਈ ਪਰ ਕਈ ਜਣੇ ਜਾਇਦਾਦ ਦੀ ਬਣਦੀ ਰਕਮ ਦਾ ਭੁਗਤਾਨ ਕਰਨ ਵਿੱਚ ਅਸਮਰਥ ਰਹਿ ਗਏ ਹਨ। ਇਸੇ ਕਾਰਨ ਯੂਟੀ ਪ੍ਰਸ਼ਾਸਨ ਨੇ ਬੋਲੀਕਾਰਾਂ ਵੱਲੋਂ ਲਗਾਈ ਗਈ ਬੋਲੀ ਦਾ 25 ਫ਼ੀਸਦ ਭੁਗਤਾਨ ਨਾ ਕਰਨ ’ਤੇ ਸੈਕਟਰ-19 ਵਿੱਚ ਇਕ ਕਨਾਲ ਦੇ ਰਿਹਾਇਸ਼ੀ ਪਲਾਟ ਅਤੇ ਸੈਕਟਰ-44 ਸੀ ਤੇ ਡੀ ਵਾਲੀ ਮਾਰਕੀਟ ਵਿੱਚ ਵਪਾਰਕ ਬੂਥ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਲਾਮੀ ਦੌਰਾਨ ਸੈਕਟਰ-19 ਵਿੱਚ ਤਿੰਨ ਕਨਾਲ-ਕਨਾਲ ਦੇ ਪਲਾਟਾਂ ਨੂੰ ਨਿਲਾਮ ਕੀਤਾ ਗਿਆ ਸੀ। ਇਸ ਦੌਰਾਨ ਪਲਾਟ ਨੰਬਰ 1281 ਨੂੰ 7.42 ਕਰੋੜ ਰੁਪਏ ਰਾਖਵੀਂ ਕੀਮਤ ਦੇ ਮੁਕਾਬਲੇ 22.01 ਕਰੋੜ ਰੁਪਏ ਵਿੱਚ ਨਿਲਾਮ ਕੀਤਾ ਗਿਆ ਸੀ। ਇਹ ਪਲਾਟ ਰਾਖਵੀਂ ਕੀਮਤ ਨਾਲੋਂ 196.57 ਫ਼ੀਸਦ ਵੱਧ ਕੀਮਤ ਵਿੱਚ ਨਿਲਾਮ ਹੋਇਆ ਸੀ। ਇਸੇ ਤਰ੍ਹਾਂ ਸੈਕਟਰ-44 ਸੀ ਤੇ ਡੀ ਦੀ ਮਾਰਕੀਟ ਵਿੱਚ ਸਥਿਤ 25 ਗਜ਼ ਦੇ ਵਪਾਰਕ ਬੂਥ ਵੀ 76.95 ਲੱਖ ਰੁਪਏ ਰਾਖਵੀਂ ਕੀਮਤ ਦੇ ਮੁਕਾਬਲੇ 2.26 ਕਰੋੜ ਵਿੱਚ ਨਿਲਾਮ ਹੋਇਆ ਸੀ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਪਲਾਟਾਂ ਦੀ ਨਿਲਾਮੀ ਤੋਂ ਬਾਅਦ ਬੋਲੀਕਾਰ ਵੱਲੋਂ ਬੋਲੀ ਲਗਾਈ ਗਈ ਰਕਮ ਦਾ 25 ਫ਼ੀਸਦ ਰਕਮ ਦਾ ਭੁਗਤਾਨ ਕਰਨਾ ਹੁੰਦਾ ਹੈ ਪਰ ਇਨ੍ਹਾਂ ਵੱਲੋਂ ਬਣਦੀ ਰਕਮ ਦਾ ਭੁਗਤਾਨ ਨਾ ਕਰਨ ’ਤੇ ਪ੍ਰਸ਼ਾਸਨ ਨੇ ਇਨ੍ਹਾਂ ਦੋਵਾਂ ਪਲਾਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਸਟੇਟ ਵਿਭਾਗ ਵੱਲੋਂ ਚਾਰ ਸਤੰਬਰ ਨੂੰ ਸ਼ਹਿਰ ਵਿੱਚ 13 ਰਿਹਾਇਸ਼ੀ ਅਤੇ ਦੋ ਵਪਾਰਕ ਜਾਇਦਾਦਾਂ ਦੀ ਨਿਲਾਮੀ ਕੀਤੀ ਗਈ ਸੀ। ਨਿਲਾਮੀ ਵਿੱਚ 288 ਬਿਨੈਕਾਰਾਂ ਵੱਲੋਂ ਵੱਖ-ਵੱਖ ਥਾਵਾਂ ਲਈ 587 ਅਰਜ਼ੀਆਂ ਜਮ੍ਹਾਂ ਕਰਾਈਆਂ ਗਈਆਂ ਸਨ।