ਥਰਮਲ ਪਲਾਂਟ ਰੂਪਨਗਰ ਦੇ ਸਮੁੱਚੇ ਯੂਨਿਟ ਹੋਏ ਬੰਦ
ਪੰਜਾਬ ਅੰਦਰ ਝੋਨੇ ਦੇ ਸੀਜ਼ਨ ਅਤੇ ਗਰਮੀ ਦੀ ਤਪਸ਼ ਕਾਰਨ ਜਿੱਥੇ ਬਿਜਲੀ ਦੀ ਸਖ਼ਤ ਜ਼ਰੂਰਤ ਹੈ, ਉੱਥੇ ਹੀ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 840 ਮੈਗਾਵਾਟ ਪੈਦਾਵਾਰ ਵਾਲੇ ਚਾਰੇ ਯੂਨਿਟ ਤਕਨੀਕੀ ਸਮੱਸਿਆਵਾਂ ਕਾਰਨ ਬੰਦ ਹੋ ਗਏ।
ਜਾਣਕਾਰੀ ਅਨੁਸਾਰ ਪਲਾਂਟ ਦਾ ਯੂਨਿਟ ਨੰਬਰ 4 ਬੀਤੀ ਅੱਧੀ ਰਾਤ ਤੋਂ ਵੈਕਿਊਮ ਪੰਪ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਅਤੇ ਇਸ ਉਪਰੰਤ ਅੱਜ ਸਵੇਰੇ 3 ਨੰਬਰ ਯੂਨਿਟ ਵੀ ਬੰਦ ਹੋ ਗਿਆ। ਮਗਰੋਂ ਬਾਅਦ ਦੁਪਹਿਰ ਯੂਨਿਟ ਨੰਬਰ 5 ਅਤੇ 6 ਵੀ ਬੈਲਟਾਂ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਏ।
ਖ਼ਬਰ ਲਿਖੇ ਜਾਣ ਸਮੇਂ ਥਰਮਲ ਪਲਾਂਟ ਰੂਪਨਗਰ ਦਾ ਸਮੁੱਚਾ ਬਿਜਲੀ ਉਤਪਾਦਨ ਠੱਪ ਪਿਆ ਸੀ ਅਤੇ ਪਲਾਂਟ ਦੇ ਤਕਨੀਕੀ ਮਾਹਿਰਾਂ ਦੀ ਟੀਮ ਯੂਨਿਟਾਂ ਨੂੰ ਮੁੜ ਚਾਲੂ ਕਰਨ ਵਿੱਚ ਜੁਟ ਗਈ ਸੀ। ਕੰਟਰੋਲ ਰੂਮ ਤੋਂ
ਜਾਣਕਾਰੀ ਮੁਤਾਬਕ ਬੰਦ ਹੋਏ ਚਾਰ ਵਿੱਚੋਂ ਤਿੰਨ ਯੂਨਿਟਾਂ ਦੇ ਦੇਰ ਰਾਤ਼ ਤੱਕ ਮੁੜ ਉਤਪਾਦਨ ਸ਼ੁਰੂ ਕੀਤੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ ਜਦੋਂ ਕਿ 4 ਨੰਬਰ ਯੂਨਿਟ ਚਾਲੂ ਹੋਣ ਨੂੰ ਹਾਲੇ ਕੁਝ ਸਮਾਂ ਹੋਰ ਲੱਗੇਗਾ। ਸੂਬੇ ਅੰਦਰ ਬਿਜਲੀ ਦੀ ਮੰਗ ਲਗਪਗ ਦਸ ਹਜ਼ਾਰ ਮੈਗਾਵਾਟ ਚੱਲ ਰਹੀ ਸੀ।