ਕੁੱਲ ਹਿੰਦ ਕਿਸਾਨ ਸਭਾ ਨੇ ਕਿਸਾਨਾਂ ਦੇ ਮਸਲੇ ਵਿਚਾਰੇ
ਅਤਰ ਸਿੰਘ
ਡੇਰਾਬੱਸੀ, 19 ਜਨਵਰੀ
ਕੁਲ ਹਿੰਦ ਕਿਸਾਨ ਸਭਾ (1936) ਖੱਬੀ ਪੱਖੀ ਕਿਸਾਨ ਮੈਂਬਰਾਂ ਦੀ ਜ਼ਿਲ੍ਹਾ ਡੈਲੀਗੇਟ ਮੀਟਿੰਗ ਸ਼ੇਰ ਸਿੰਘ ਬਦਰਾਣਾ, ਜਤਵਿੰਦਰ ਸਿੰਘ ਕੰਗਣਾ, ਬਲਦੇਵ ਸਿੰਘ ਪੰਡਵਾਲਾ, ਕੁਲਤਾਰ ਸਿੰਘ ਚੌਂਧੜੀ ਅਤੇ ਬਲਵਿੰਦਰ ਸਿੰਘ ਜੜੌਤ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜ਼ਿਲ੍ਹੇ ਭਰ ਤੋਂ 45 ਡੈਲੀਗੇਟਾਂ ਨੇ ਭਾਗ ਲਿਆ। ਕਾਨਫਰੰਸ ਦਾ ਉਦਘਾਟਨ ਸਭਾ ਦੇ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਕੀਤਾ। ਮੀਟਿੰਗ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਐਮ.ਐਸ.ਪੀ ਕਾਨੂੰਨ ਦੀ ਗਾਰੰਟੀ ਅਤੇ ਕਾਨੂੰਨ ਬਣਾਉਣਾ, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਬਾਰੇ ਚਰਚਾ ਕੀਤੀ ਗਈ। ਕਿਸਾਨ ਸਭਾ ਦੇ ਮੁੱਖ ਐਡਵੋਕੇਟ ਕਾਮਰੇਡ ਜਸਪਾਲ ਸਿੰਘ ਦੱਪਰ ਨੇ ਕਿਸਾਨ ਸਭਾ ਦੀਆਂ ਪਿਛਲੀਆਂ ਗਤੀਵਿਧੀਆਂ ਬਾਰੇ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਜ਼ਿਲ੍ਹਾ ਕਮੇਟੀ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਬਲਵਿੰਦਰ ਸਿੰਘ ਜੜੌਤ ਨੂੰ ਪ੍ਰਧਾਨ, ਸ਼ੇਰ ਸਿੰਘ ਬਡਾਣਾ ਅਤੇ ਜਤਿੰਦਰ ਸਿੰਘ ਭਗਵਾਨਪੁਰ ਨੂੰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਜੜੌਤ ਨੂੰ ਸਕੱਤਰ ਅਤੇ ਮਹਿੰਦਰ ਸਿੰਘ ਸਰਸੀਣੀ ਨੂੰ ਕੈਸ਼ੀਅਰ ਬਣਾਇਆ ਗਿਆ।