ਅਕਾਲੀ ਆਗੂ ਵੱਲੋਂ ‘ਆਪ’ ਵਿਧਾਇਕਾ ਨੂੰ ਚੁਣੌਤੀ
ਆਗਾਮੀ ਵਿਧਾਨ ਸਭਾ ਚੋਣਾਂ ’ਚ ਹਲਕਾ ਛੱਡ ਕੇ ਨਾ ਭੱਜਣ ਅਨਮੋਲ ਗਗਨ ਮਾਨ: ਖੇੜਾ
Advertisement
ਯੂਥ ਅਕਾਲੀ ਦਲ ਦੇ ਸਾਬਕਾ ਵਰਕਿੰਗ ਕਮੇਟੀ ਮੈਂਬਰ ਅਤੇ ਹਲਕਾ ਖਰੜ ਦੇ ਸੀਨਅਰ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੇ ‘ਆਪ’ ਦੀ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਦੇ ਅਸਤੀਫ਼ੇ ਸਬੰਧੀ ਘਟਨਾਕ੍ਰਮ ਨੂੰ ਮਹਿਜ਼ ਸਿਆਸੀ ਡਰਾਮੇੇਬਾਜ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਵਾਅਦੇ ਕਰਕੇ ਅਨਮੋਲ ਗਗਨ ਮਾਨ ਇਸ ਤਰ੍ਹਾਂ ਹਲਕੇ ਨਾਲ ਧੋਖਾ ਕਰਕੇ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ। ਉਨ੍ਹਾਂ ਵਿਧਾਇਕਾ ਮਾਨ ਨੂੰ ਚਣੌਤੀ ਦਿੰਦਿਆਂ ਕਿਹਾ ਕਿ ਉਹ ਹੁਣ ਹਲਕਾ ਛੱਡ ਕੇ ਨਾ ਭੱਜਣ ਸਗੋਂ 2027 ਵਿੱਚ ਲੋਕਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਅਨਮੋਲ ਗਗਨ ਮਾਨ ਉਹ ਕਾਰਨ ਜਨਤਕ ਕਰਨ ਜਿਨ੍ਹਾਂ ਕਰਕੇ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਅਤੇ ਫਿਰ ਵਾਪਸ ਵੀ ਲੈ ਲਿਆ। ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਪਿੱਛੇ ਲੁਕੇ ਰਾਜ ਦਾ ਹਲਕੇ ਦੇ ਲੋਕਾਂ ਸਾਹਮਣੇ ਆਉਣਾ ਜ਼ਰੂਰੀ ਹੈ ਅਤੇ ਇਸ ਦਾ ਜਵਾਬ ਸ੍ਰੀਮਤੀ ਮਾਨ ਨੂੰ ਭਵਿੱਖ ਵਿੱਚ ਦੇਣਾ ਹੀ ਪਏਗਾ।
ਅੱਜ ਸਥਾਨਕ ਚੰਡੀਗੜ੍ਹ ਰੋਡ ’ਤੇ ਤਨਵੀਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ‘ਆਪ’ ਅਨੇਕਾਂ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਪਰ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਵੱਲੋਂ ਦਿੱਤੇ ਗਏ ਅਸਤੀਫ਼ੇ ’ਤੇ ਰਵਿੰਦਰ ਸਿੰਘ ਖੇੜਾ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫ਼ੈਸਲੇ ‘ਤੇ ਪੁਨਰ ਵਿਚਾਰ ਕਰਨ ਅਤੇ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਸ੍ਰੀ ਗਿੱਲ ਦਾ ਅਸਤੀਫ਼ਾ ਪ੍ਰਵਾਨ ਨਾ ਕੀਤਾ ਜਾਵੇ।
Advertisement
ਇਸ ਮੌਕੇ ਮਨਮੋਹਣ ਸਿੰਘ ਮਾਵੀ, ਜਸਵੀਰ ਸਿੰਘ ਬੂਥਗੜ੍ਹ, ਜਸਪਾਲ ਸਿੰਘ ਲੱਕੀ, ਅਮਨਦੀਪ ਸਿੰਘ ਗੋਲਡੀ ਕੰਸਾਲਾ, ਹਰਜੀਤ ਸਿੰਘ ਸ਼ਿੰਗਾਰੀਵਾਲ, ਸੰਦੀਪ ਸਿੰਘ ਬੂਥਗੜ੍ਹ, ਗੁਰਦੀਪ ਸਿੰਘ ਹੁਸ਼ਿਆਰਪੁਰ ਅਤੇ ਗੁਰਮੁੱਖ ਸਿੰਘ ਭੂਪਨਗਰ ਹਾਜ਼ਰ ਸਨ।
Advertisement