ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਦੀ ਆੜ ਵਿੱਚ ਕੀਤਾ ਜਾ ਰਿਹਾ ਕਿਸਾਨਾਂ ਦਾ ਉਜਾੜਾ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪਾਰਟੀ ਕਿਸਾਨਾਂ ਨਾਲ ਚੱਟਾਨ ਵਾਂਗ ਖੜੀ ਹੈ। ਇਸੇ ਲੜੀ ਤਹਿਤ 28 ਜੁਲਾਈ ਨੂੰ ਮੁਹਾਲੀ ਵਿੱਚ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਅਕਾਲੀ ਵਰਕਰਾਂ ਨੂੰ ਵਧ ਚੜ੍ਹ ਕੇ ਸ਼ਿਰਕਤ ਦਾ ਸੱਦਾ ਦਿੱਤਾ।
ਇਹ ਪ੍ਰਗਟਾਵਾ ਜ਼ਿਲ੍ਹਾ ਪਰਿਸ਼ਦ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪੁਰਖਾਲਵੀ ਦੀ ਅਗਵਾਈ ਵਿੱਚ ਮੁੱਲਾਂਪੁਰ ਗਰੀਬਦਾਸ ਵਿਖੇ ਪੱਤਰਕਾਰ ਸਮੇਲਨ ਦੌਰਾਨ ਕੀਤਾ। ਇਸ ਤੋਂ ਪਹਿਲਾਂ ਚੌਧਰੀ ਸ਼ਾਮਲਾਲ ਮਾਜਰੀਆਂ ਨੇ ਹਲਕਾ ਖਰੜ ਦੇ ਕਰੀਬ ਚਾਰ ਦਰਜਨ ਪਿੰਡਾਂ ਵਿੱਚ ਕੀਤੀਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਐਡਵੋਕੇਟ ਐਚ ਐਸ ਪੰਨੂੰ, ਸੰਮਤੀ ਮੈਂਬਰ ਚੌਧਰੀ ਜਗੀਰ ਰਾਮ ਤੇ ਮੋਹਨ ਲਾਲ ਸਿੰਘ ਹਾਜ਼ਰ ਸਨ।
ਧਰਨੇ ਸਬੰਧੀ ਤਿਆਰੀਆਂ ਮੁਕੰਮਲ: ਸੋਹਾਣਾ
ਐੱਸਏਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਭਲਕੇ ਸੋਮਵਾਰ ਨੂੰ ਮੁਹਾਲੀ ਦੇ ਫੇਜ਼ ਅੱਠ ਦੇ ਗਮਾਡਾ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਪਾਰਟੀ ਲੀਡਰਸ਼ਿਪ ਸ਼ਮੂਲੀਅਤ ਕਰੇਗੀ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਧਰਨੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਧਰਨੇ ਸਬੰਧੀ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਬੇਮਿਸ਼ਾਲ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਹਜ਼ਾਰਾਂ ਕਿਸਾਨ ਅਤੇ ਖੇਤ ਮਜ਼ਦੂਰ ਸ਼ਾਮਿਲ ਹੋਣਗੇ।