ਅਕਾਲੀ ਦਲ ਵੱਲੋਂ ਵਿਜੀਲੈਂਸ ਭਵਨ ਅੱਗੇ ਧਰਨਾ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 25 ਜੂਨ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪੰਜਾਬ ਵਿਜੀਲੈਂਸ ਵੱਲੋਂ ਕੀਤੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਅਕਾਲੀ ਦਲ ਵੱਲੋਂ ਮੁਹਾਲੀ ਦੇ ਫੇਜ਼ ਅੱਠ ਦੇ ਵਿਜੀਲੈਂਸ ਭਵਨ ਸਾਹਮਣੇ ਧਰਨਾ ਦਿੱਤਾ ਗਿਆ। ਅਕਾਲੀ ਦਲ ਦੇ ਮੁਹਾਲੀ ਹਲਕੇ ਦੇ ਇੰਚਾਰਜ ਪਰਵਿੰਦਰ ਸਿੰਘ ਬੈਦਵਾਣ ਦੀ ਅਗਵਾਈ ਹੇਠ ਇਕੱਠੇ ਹੋਏ ਅਕਾਲੀ ਵਰਕਰਾਂ ਨੇ ਇਸ ਮੌਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਅਕਾਲੀ ਵਰਕਰ ਪਹਿਲਾਂ ਬਾਅਦ ਦੁਪਹਿਰ ਤਿੰਨ ਵਜੇ ਮੁਹਾਲੀ ਅਦਾਲਤ ਵਿੱਚ ਇਕੱਠੇ ਹੋਏ। ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੀ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਹ ਸਾਲ ਪਹਿਲਾਂ ਵਾਲੀ ਐਮਰਜੈਂਸੀ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸੂਚਨਾ ਤੋਂ ਸ੍ਰੀ ਮਜੀਠੀਆ ਦੇ ਘਰ ਵੜ ਕੇ ਉਨ੍ਹਾਂ ਦੀ ਪਤਨੀ ਅਤੇ ਵਿਧਾਇਕਾ ਗਨੀਵ ਕੌਰ ਨੂੰ ਧੱਕੇ ਮਾਰੇ ਗਏ। ਇਸ ਮੌਕੇ ਪਾਰਟੀ ਦੇ ਖਰੜ ਹਲਕੇ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਵੀ ਮੌਜੂਦ ਸਨ।
ਇਸ ਮਗਰੋਂ ਚਾਰ ਕੁ ਵਜੇ ਅਕਾਲੀ ਵਰਕਰਾਂ ਨੂੰ ਜਿਉਂ ਹੀ ਸ੍ਰੀ ਮਜੀਠੀਆ ਨੂੰ ਵਿਜੀਲੈਂਸ ਭਵਨ ਵਿੱਚ ਲਿਆਂਦੇ ਜਾਣ ਦਾ ਪਤਾ ਲੱਗਿਆ ਤਾਂ ਸਮੁੱਚੇ ਵਰਕਰ ਜ਼ਿਲ੍ਹਾ ਕਚਿਹਰੀਆਂ ਵਿੱਚੋਂ ਵਿਜੀਲੈਂਸ ਭਵਨ ਚਲੇ ਗਏ। ਇੱਥੇ ਵੱਡੀ ਗਿਣਤੀ ਵਿਚ ਐੱਸਪੀ ਹੈਡਕੁਆਰਟਰ ਰਮਨਦੀਪ ਸਿੰਘ ਦੀ ਅਗਵਾਈ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਵਿਜੀਲੈਂਸ ਭਵਨ ਵੱਲ ਨਾ ਜਾਣ ਦਿੱਤਾ। ਇਸ ਮਗਰੋਂ ਉਹ ਸੜਕ ਉੱਤੇ ਧਰਨਾ ਲਾ ਕੇ ਬੈਠ ਗਏ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਪਟਿਆਲਾ ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਯੂਥ ਆਗੂ ਯਾਦਵਿੰਦਰ ਸਿੰਘ ਯਾਦੂ, ਸੂਬਾ ਸਕੱਤਰ ਸਮਸ਼ੇਰ ਸਿੰਘ ਪੁਰਖਾਲਵੀ ਆਦਿ ਨੇ ਪੰਜਾਬ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ। ਇਸ ਮੌਕੇ ਛਿੰਦੀ ਬੱਲੋਮਾਜਰਾ, ਜਸਵਿੰਦਰ ਸਿੰਘ ਜੱਸੀ, ਬਿਕਰਮਜੀਤ ਸਿੰਘ ਗੀਗੇਮਾਜਰਾ, ਕਮਲਜੀਤ ਸਿੰਘ ਰੂਬੀ, ਸ਼ਰਨਜੀਤ ਸਿੰਘ ਚਨਾਰਥਲ, ਪਰਮਜੀਤ ਸਿੰਘ ਕਾਹਲੋਂ, ਰਮਨਦੀਪ ਸਿੰਘ ਬਾਵਾ, ਬੀਬੀ ਮਨਮੋਹਨ ਕੌਰ, ਹਰਵਿੰਦਰ ਸਿੰਘ ਨੰਬਰਦਾਰ, ਹਰਪਾਲ ਸਿੰਘ ਬਠਲਾਣਾ, ਜਸਵੀਰ ਸਿੰਘ ਜੱਸਾ, ਕਮਲਜੀਤ ਸਿੰਘ ਮੌਲੀ ਸਮੇਤ ਅਨੇਕਾਂ ਅਕਾਲੀ ਆਗੂ ਹਾਜ਼ਰ ਸਨ।
ਪੁਲੀਸ ਵੱਲੋਂ ਧਰਨਾਕਾਰੀਆਂ ਨੂੰ ਧਰਨਾ ਚੁੱਕਣ ਲਈ ਕਿਹਾ ਗਿਆ। ਉਨ੍ਹਾਂ ਵੱਲੋਂ ਮਨਾ ਕਰਨ ਉੱਤੇ ਪੁਲੀਸ ਪਰਵਿੰਦਰ ਸਿੰਘ ਸੋਹਾਣਾ, ਸਰਬਜੀਤ ਸਿੰਘ ਝਿੰਜਰ, ਅਮਿਤ ਰਾਠੀ, ਸਮਸ਼ੇਰ ਪੁਰਖਾਲਵੀ ਸਣੇ ਦਰਜਨ ਤੋਂ ਵੱਧ ਅਕਾਲੀ ਆਗੂਆਂ ਨੂੰ ਚੁੱਕ ਕੇ ਬੱਸ ਵਿੱਚ ਬਿਠਾ ਕੇ ਲੈ ਗਈ। ਇਸ ਮਗਰੋਂ ਬਾਕੀ ਧਰਨਾਕਾਰੀ ਆਪਣੇ ਘਰਾਂ ਨੂੰ ਚਲੇ ਗਏ। ਪੁਲੀਸ ਨੇ ਚੁੱਕੇ ਹੋਏ ਅਕਾਲੀ ਆਗੂਆਂ ਨੂੰ ਐਰੋਸਿਟੀ ਥਾਣੇ ਨੇੜੇ ਲਿਜਾ ਕੇ ਛੱਡ ਦਿੱਤਾ।