ਮੁਹਾਲੀ ਤੋਂ ਹਜ਼ੂਰ ਸਾਹਿਬ ਤੇ ਪੰਤ ਨਗਰ ਲਈ ਜਲਦੀ ਸ਼ੁਰੂ ਹੋਵੇਗੀ ਹਵਾਈ ਸੇਵਾ: ਚੰਦੂਮਾਜਰਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰੀ ਸਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਵਿਸੇਸ ਤੌਰ ’ਤੇ ਮਿਲ ਕੇ ਮੰਗ ਪੱਤਰ ਸੌਂਪਦਿਆਂ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਸੱਚਖੰਡ ਹਜ਼ੂਰ ਸਾਹਿਬ (ਨਾਂਦੇੜ) ਤੇ ਪੰਤ ਨਗਰ (ਉੱਤਰਾਖੰਡ) ਲਈ ਜਲਦੀ ਹਵਾਈ ਸੇਵਾ ਸ਼ੁਰੂ ਕਰਨ ਦੀ ਮੰਗ ਉਠਾਈ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਕੇਂਦਰੀ ਮੰਤਰੀ ਸ੍ਰੀ ਨਾਇਡੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਹ ਮੰਗ ਪੂਰੀ ਕਰਦਿਆਂ ਜਲਦੀ ਹੀ ਉਪਰੋਕਤ ਸਥਾਨਾਂ ਲਈ ਹਵਾਈ ਸੇਵਾ ਸ਼ੁਰੂ ਕੀਤੀ ਜਾਵੇਗੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹਵਾਈ ਸਫ਼ਰ ਸੁਰੂ ਹੋਣ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਲਈ ਭਾਰੀ ਫ਼ਾਇਦਾ ਹੋਵੇਗਾ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਡਰਾਈ ਖੇਤਰ ’ਚ ਵੱਸਦੇ ਹਨ, ਜਿਨ੍ਹਾਂ ਨੂੰ ਬੱਸ ਅਤੇ ਰੇਲ ਦਾ ਸਫ਼ਰ ਕਰਨ ਵਿੱਚ ਭਾਰੀ ਮੁਸ਼ਕਿਲ ਤੇ ਵਾਧੂ ਸਮਾਂ ਲੱਗਦਾ ਹੈ। ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਦੀ ਇਸ ਮੁਸ਼ਕਿਲ ਨੂੰ ਹੱਲ ਕਰਵਾਉਣ ਲਈ ਮੁਹਾਲੀ ਤੋਂ ਪੰਤ ਨਗਰ (ਉੱਤਰਾਖੰਡ) ਲਈ ਹਵਾਈ ਸੇਵਾ ਸ਼ਰੂ ਕਰਨ ਉੱਤੇ ਕੇਂਦਰੀ ਮੰਤਰੀ ਵੱਲੋਂ ਹਰੀ ਝੰਡੀ ਦਿੰਦਿਆਂ ਮੰਗ ਜਲਦੀ ਪੂਰੀ ਕਰਨ ਦਾ ਭਰੋਸਾ ਦਿੱਤਾ।