ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਦੀਵਾਲੀ ਤੋਂ 12 ਦਿਨਾਂ ਬਾਅਦ ਮੁੜ ਤੋਂ ਹਵਾ ਪ੍ਰਦੂਸ਼ਿਤ ਹੋ ਗਈ ਹੈ, ਜਿਸ ਕਰਕੇ ਲੋਕਾਂ ਨੂੰ ਸਾਹ ਤੱਕ ਲੈਣਾ ਮੁਸ਼ਕਲ ਹੋ ਗਿਆ ਹੈ। ਸ਼ਹਿਰ ਵਿੱਚ ਪ੍ਰਦੂਸ਼ਣ ਵਧਣ ਦੇ ਨਾਲ ਹੀ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ ਪੀ ਸੀ ਸੀ) ਨੇ ਵੀ ਚੌਕਸੀ ਵਧਾ ਦਿੱਤੀ ਹੈ।
ਸੀ ਪੀ ਸੀ ਸੀ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ 8 ਵਜੇ ਸ਼ਹਿਰ ਦੇ ਸੈਕਟਰ-22 ਵਿੱਚ ਏ ਕਿਊ ਆਈ ਦਾ ਪੱਧਰ 310 ’ਤੇ ਪਹੁੰਚ ਗਿਆ ਹੈ, ਜਦੋਂ ਕਿ ਸੈਕਟਰ-25 ਵਿੱਚ 233 ਅਤੇ ਸੈਕਟਰ-53 ਵਿੱਚ 188 ਦਰਜ ਕੀਤਾ ਗਿਆ ਹੈ। ਇਹ ਪ੍ਰਦੂਸ਼ਣ ਵਿੱਚ ਸ਼ਾਮ ਹੋਣ ਦੇ ਨਾਲ ਹੀ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਾਮ ਨੂੰ 4 ਵਜੇ ਦੇ ਕਰੀਬ ਸੈਕਟਰ-22 ਵਿੱਚ ਏਕਿਊਆਈ 307, ਸੈਕਟਰ-25 ਵਿੱਚ 213 ਅਤੇ ਸੈਕਟਰ-53 ਵਿੱਚ 180 ਦਰਜ ਕੀਤਾ ਗਿਆ ਸੀ। ਵਾਤਾਵਰਨ ਮਾਹਿਰਾਂ ਮੁਤਾਬਕ ਸ਼ਹਿਰ ਵਿੱਚ ਏ ਕਿਊ ਆਈ ਦਾ 300 ਤੋਂ ਟੱਪ ਜਾਣਾ ਵਧੇਰੇ ਘਾਤਕ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਏ ਕਿਊ ਆਈ ਦੇ ਵਧਣ ਦਾ ਕਾਰਨ ਮੌਸਮ ਵਿੱਚ ਬਦਲਾਅ ਨੂੰ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿੱਚ ਧੁੰਦ ਕਰਕੇ ਵੀ ਧਰਤੀ ਦੇ ਹੇਠਲੇ ਪੱਧਰ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧ ਜਾਂਦੀ ਹੈ। ਅਜਿਹੇ ਹਾਲਾਤ ਵਿੱਚ ਬਜ਼ੁਰਗ ਤੇ ਬੱਚਿਆ ਨੂੰ ਚੌਕਸੀ ਵਰਤਨੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਦੀਵਾਲੀ ਵਾਲੀ ਰਾਤ ਨੂੰ ਸ਼ਹਿਰ ਦੀ ਹਵਾ ਦੀ ਗੁਣਵੱਤਾ ਦਾ ਪੱਧਰ (ਏ ਕਿਊ ਆਈ) 300 ਤੋਂ ਟੱਪ ਗਿਆ ਸੀ।
200 ਤੋਂ ਵੱਧ ਏ ਕਿਊ ਆਈ ਹਾਨੀਕਾਰਕ
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ ਪੀ ਸੀ ਸੀ) ਦੇ ਅਧਿਕਾਰੀਆਂ ਨੇ ਕਿਹਾ ਕਿ ਹਵਾ ਦੀ ਗੁਣਵੱਤਾ ਦਾ ਪੱਧਰ 200 ਤੋਂ ਪਾਰ ਹੋਣਾ ਵਧੇਰੇ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਏ ਕਿਊ ਆਈ ਦਾ ਪੱਧਰ 0-50 ਤੱਕ ਵਧੇਰੇ ਚੰਗਾ ਹੈ, 51 ਤੋਂ 100 ਤੱਕ ਸੰਤੁਸ਼ਟੀਜਨਕ, 101 ਤੋਂ 200 ਤੱਕ ਮੱਧਮ, 201 ਤੋਂ 300 ਤੱਕ ਮਾੜਾ, 301 ਤੋਂ 400 ਤੱਕ ਬਹੁਤ ਮਾੜਾ ਅਤੇ 401 ਤੋਂ 450 ਤੱਕ ਗੰਭੀਰ ਸਥਿਤੀ ਵਿੱਚ ਮੰਨਿਆ ਜਾਂਦੀ ਹੈ, ਜਦੋਂ ਕਿ ਏ ਕਿਊ ਆਈ ਦਾ ਪੱਧਰ 450 ਤੋਂ ਪਾਰ ਹੋਣਾ ਵਧੇਰੇ ਗੰਭੀਰ ਮੰਨਿਆ ਜਾਂਦਾ ਹੈ।

