ਡੇਰਾਬੱਸੀ ਸ਼ਹਿਰ ਦੀ ਆਬੋ ਹਵਾ ਲਗਾਤਾਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਜਿਸ ਨਾਲ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਇਹ ਖੁਲਾਸਾ ਕੌਮੀ ਸਾਫ ਹਵਾ ਪ੍ਰੋਗਰਾਮ (ਐੱਸਸੀਏਪੀ) ਦੀ ਰਿਪੋਰਟ ਵਿੱਚ ਹੋਇਆ ਹੈ। ਇਹ ਰਿਪੋਰਟ ਅੱਜ ਸਵੇਰ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਤੇ ਸ਼ਹਿਰ ਵਾਸੀ ਚਿੰਤਾ ਜਾਹਿਰ ਕਰਦਿਆਂ ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਿੰਮਵੇਾਰ ਠਹਿਰਾ ਰਹੇ ਹਨ।
ਜਾਣਕਾਰੀ ਅਨੁਸਾਰ ਡੇਰਾਬੱਸੀ ਵਿੱਚ ਪ੍ਰਦੂਸ਼ਣ ਫੈਲਣ ਦਾ ਮੁੱਖ ਕਾਰਨ ਇਥੋਂ ਦੀ ਕੈਮੀਕਲ, ਮੀਟ ਪਲਾਂਟ ਅਤੇ ਹੋਰਨਾਂ ਫੈਕਟਰੀਆਂ ਹਨ, ਜੋ ਪ੍ਰਦੂਸ਼ਣ ਰੋਕੂ ਬੋਰਡ ਦੇ ਨਿਯਮਾਂ ਦੀ ਉਲੰਘਣਾ ਕਰਨ ਲਗਾਤਾਰ ਪ੍ਰਦੂਸ਼ਣ ਫੈਲਾ ਰਹੀਆਂ ਹਨ। ਇਲਾਕੇ ਦੇ ਲੋਕ ਲਗਾਤਾਰ ਫੈਕਟਰੀਆਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਖ਼ਿਲਾਫ਼ ਸ਼ਿਕਾਇਤਾਂ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਪ੍ਰਦੂਸ਼ਣ ਰੋਕੂ ਬੋਰਡ ਦੇ ਅਧਿਕਾਰੀ ਆਪਣੀ ਡਿਊਟੀ ਵਿੱਚ ਲਾਪ੍ਰਵਾਹੀ ਵਰਤ ਰਹੇ ਹਨ, ਜਦਕਿ ਇਲਾਕੇ ਵਿੱਚ ਫੈਕਟਰੀਆਂ ਵੱਲੋਂ ਚਿਮਨੀ ਰਾਹੀਂ ਦੂਸ਼ਿਤ ਧੂੰਆਂ ਹਵਾ ਵਿੱਚ ਸੁੱਟ ਕੇ ਹਵਾ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਉਥੇ ਹੀ ਫੈਕਟਰੀਆਂ ਵੱਲੋਂ ਆਪਣਾ ਦੂਸ਼ਿਤ ਪਾਣੀ ਇਲਾਕੇ ਦੇ ਨਦੀ ਨਾਲਿਆਂ ਵਿੱਚ ਸੁੱਟ ਕੇ ਧਰਤੀ ਅਤੇ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਇਲਾਕੇ ਵਿੱਚ ਵਧ ਰਹੇ ਪ੍ਰੁਦੂਸ਼ਣ ਕਾਰਨ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਲਾਕੇ ਵਿੱਚ ਸਾਹ ਦੀ ਬਿਮਾਰੀਆਂ ਅਤੇ ਚਮੜੀ ਰੋਗ ਅਤੇ ਕੈਂਸਰ ਵਰਗੀ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸ਼ਹਿਰ ਵਿੱਚ ਸਾਫ ਸਫਾਈ ਦੇ ਪ੍ਰਬੰਧ ਢੁੱਕਵੇਂ ਨਹੀਂ ਹਨ। ਸਿੱਟੇ ਵਜੋਂ ਸ਼ਹਿਰ ਵਿੱਚ ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਲੰਘੇ ਦਿਨੀਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਡੇਰਾਬੱਸੀ ਦਾ ਅਚਨਚੇਤ ਦੌਰਾ ਕੀਤਾ ਅਤੇ ਸ਼ਹਿਰ ਵਿੱਚ ਥਾਂ ਥਾਂ ਮਿਲੇ ਗੰਦਗੀ ਦੇ ਢੇਰਾਂ ਤੋਂ ਸਖ਼ਤ ਨੋਟਿਸ ਲੈਂਦਿਆਂ ਤਤਕਾਲ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਿਜੈ ਮਿੱਤਲ ਨੂੰ ਮੁਅੱਤਲ ਕਰ ਦਿੱਤਾ ਸੀ।
ਅੰਕੜਿਆ ਤੋਂ ਪਤਾ ਚਲਦਾ ਹੈ ਡੇਰਾਬੱਸੀ ਵਿੱਚ ਔਸਤ ਪੀ.ਐਮ. 10 ਗਾੜ੍ਹਾਪਣ 2017-18 ਵਿੱਚ 88 ਤੋਂ ਵਧ ਕੇ 2024-25 ਵਿੱਚ 98 ਪਹੁੰਚ ਗਈ ਹੈ ਜਿਸ ਵਿੱਚ 11.4 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਪ੍ਰਦੂਸ਼ਿਤ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਡੇਰਾਬੱਸੀ ਨੌਵੇਂ ਸਥਾਨ ’ਤੇ ਹੈ।
ਕਾਰਵਾਈ ਕੀਤੀ ਜਾਵੇਗੀ: ਐਕਸੀਅਨ
ਪ੍ਰਦੂਸ਼ਣ ਰੋਕੂ ਬੋਰਡ ਦੇ ਐਕਸੀਅਨ ਨਵਤੇਜ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਐੱਨਸੀਏਪੀ ਦੇ ਦਿਸ਼ਾ ਨਿਰਦੇਸ਼ ਤਹਿਤ ਹਵਾ ਦੀ ਗੁਣਵਤਾ ਵਿੱਚ ਸੁਧਾਰ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਵਾ ਵਿੱਚ ਪ੍ਰਦੂਸ਼ਣ ਵਧਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਕਾਰਨਾਂ ਦੀ ਭਾਲ ਕਰਕੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।