ਖੇਤੀਬਾੜੀ ਮੰਤਰੀ ਵੱਲੋਂ ਅਗਾਂਹਵਧੂ ਕਿਸਾਨਾਂ ਦਾ ਸਨਮਾਨ
ਬ੍ਰਹਮਾਕੁਮਾਰੀਜ਼ ਮੁਹਾਲੀ ਨੇ ਸੁੱਖ ਸ਼ਾਂਤੀ ਭਵਨ ਫੇਜ਼ ਸੱਤ ਵਿੱਚ ਮੇਰਾ ਪਿੰਡ ਬਣੇ ਮਹਾਨ ਪ੍ਰੋਗਰਾਮ ਕਰਵਾਇਆ। ਪੇਂਡੂ ਵਿਕਾਸ ਵਿੰਗ ਬ੍ਰਹਮਾਕੁਮਾਰੀ ਦੀ ਕੌਮੀ ਪ੍ਰਧਾਨ ਸਰਲਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਪੁੱਜੇ। ਏ.ਡੀ.ਸੀ....
ਬ੍ਰਹਮਾਕੁਮਾਰੀਜ਼ ਮੁਹਾਲੀ ਨੇ ਸੁੱਖ ਸ਼ਾਂਤੀ ਭਵਨ ਫੇਜ਼ ਸੱਤ ਵਿੱਚ ਮੇਰਾ ਪਿੰਡ ਬਣੇ ਮਹਾਨ ਪ੍ਰੋਗਰਾਮ ਕਰਵਾਇਆ। ਪੇਂਡੂ ਵਿਕਾਸ ਵਿੰਗ ਬ੍ਰਹਮਾਕੁਮਾਰੀ ਦੀ ਕੌਮੀ ਪ੍ਰਧਾਨ ਸਰਲਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਪੁੱਜੇ। ਏ.ਡੀ.ਸੀ. ਸੋਨਮ ਚੌਧਰੀ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਵੀ ਪੁੱਜੇ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਬ੍ਰਹਮ ਕੁਮਾਰੀਆਂ ਵੱਲੋਂ ਕਿਸਾਨਾਂ ਤੇ ਸਰਪੰਚਾਂ ਨੂੰ ਟਿਕਾਊ ਖੇਤੀਬਾੜੀ ਬਾਰੇ ਜਾਗਰੂਕ ਕਰਨਾ ਸ਼ਲਾਘਾਯੋਗ ਹੈ। ਉਨ੍ਹਾਂ ਪੰਜਾਬ ਦੀ ਖੇਤੀਬਾੜੀ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬ ਦੇਸ਼ ਦੇ ਚੌਲਾਂ ਦਾ 24 ਫ਼ੀਸਦ ਤੇ ਕਣਕ ਦਾ 49 ਫ਼ੀਸਦ ਹਿੱਸਾ ਪ੍ਰਦਾਨ ਕਰਦਾ ਹੈ। ਇਸ ਲਈ ਭਾਰਤ ਸਰਕਾਰ ਨੂੰ ਪੰਜਾਬ ਨੂੰ ਸਮਰਥਨ ਦੇਣ ਲਈ ਹੋਰ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਗੁਣਵੱਤਾ ਤੇ ਮਾਤਰਾ ਵਧਾਈ ਜਾ ਸਕੇ ਤੇ ਕਿਸਾਨ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ 52 ਸਰਪੰਚਾਂ ਨੂੰ ਟਿਕਾਊ ਖੇਤੀਬਾੜੀ ਵਿੱਚ ਪਿੰਡ ਪੱਧਰ ‘ਤੇ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ। ਮੁਹਾਲੀ, ਰੋਪੜ ਦੇ ਰਾਜਯੋਗ ਕੇਂਦਰਾਂ ਦੀ ਇੰਚਾਰਜ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਸਾਰਿਆਂ ਦਾ ਸਵਾਗਤ ਕੀਤਾ। ਸਮਾਗਮ ਵਿੱਚ 350 ਸਰਪੰਚ, ਪੰਚ ਤੇ ਅਗਾਂਹਵਧੂ ਕਿਸਾਨਾਂ ਨੇ ਸ਼ਿਰਕਤ ਕੀਤੀ। ਬ੍ਰਹਮਾਕੁਮਾਰੀ ਸਰਲਾ ਨੇ ਕਿਹਾ ਕਿ ਜਦੋਂ ਪਿੰਡਾਂ ਵਿੱਚ ਬਿਜਲੀ ਤੇ ਸੜਕਾਂ ਦੀ ਘਾਟ ਸੀ ਤਾਂ ਲੋਕ ਏਕਤਾ ਤੇ ਸਹਿਯੋਗ ਦਾ ਆਧਾਰ ਬਣਦੇ ਸਨ। ਸਿੱਟੇ ਵਜੋਂ ਪੂਰੇ ਪਿੰਡ ਵੱਲੋਂ ਸਮਾਜਿਕ ਕਾਰਜਾਂ ਨੂੰ ਤਿਉਹਾਰ ਵਜੋਂ ਮਨਾਇਆ ਜਾਂਦਾ ਸੀ ਪਰ ਮੌਜੂਦਾ ਸਮੇਂ ਹਾਲਾਤ ਹੋਰ ਹਨ।