ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਸੀਬੀਆਈ ਕੇਸਾਂ ਦਾ ਸਾਹਮਣਾ ਕਰ ਰਹੇ ਸੇਵਾਮੁਕਤ ਅਤੇ ਮੌਜੂਦਾ ਪੁਲੀਸ ਮੁਲਾਜ਼ਮਾਂ ਦੀ ਪਿੱਠ ’ਤੇ ਆ ਗਈ ਹੈ। ਉਨ੍ਹਾਂ ਇਸ ਮਾਮਲੇ ਵਿਚ ਕੇਂਦਰ ਅਤੇ ਰਾਜ ਸਰਕਾਰ ਨੂੰ ਦਖ਼ਲ ਦੇਣ ਲਈ ਕਿਹਾ ਹੈ। ਉਨ੍ਹਾਂ ਜਲਦੀ ਹੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਮੰਗ ਪੱਤਰ ਦੇਣ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਸਾਰਾ ਕੁੱਝ ਤਤਕਾਲੀ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਹੋਇਆ ਹੈ ਅਤੇ ਹੁਣ ਖ਼ਮਿਆਜ਼ਾ ਹੇਠਲੇ ਕਰਮਚਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ।ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਇੰਸਪੈਕਟਰ (ਸੇਵਾਮੁਕਤ) ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਥਾਣਾ ਕੰਪਲੈਕਸ ਫੇਜ਼-11 ਵਿੱਚ ਹੋਈ। ਜਨਰਲ ਸਕੱਤਰ ਦਲਜੀਤ ਸਿੰਘ ਕੈਲੋਂ, ਉਪ ਪ੍ਰਧਾਨ ਪਰਮਜੀਤ ਸਿੰਘ ਮਲਕਪੁਰ ਨੇ ਦੱਸਿਆ ਕਿ ਮੀਟਿੰਗ ਵਿੱਚ ਸੀਬੀਆਈ ਦੇ ਕੇਸਾਂ ਵਿੱਚ ਉਲਝੇ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪਾਸ ਕੀਤੇ ਮਤੇ ਰਾਹੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸੀਬੀਆਈ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਸੇਵਾਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਦਦ ਕੀਤੀ ਜਾਵੇ, ਕਿਉਂਕਿ ਸਮੇਂ ਦੀਆਂ ਸਰਕਾਰਾਂ ਤੇ ਉਦੋਂ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦਾ ਪੀੜਤ ਅਧਿਕਾਰੀਆਂ ਅਤੇ ਕਰਮਚਾਰੀ ਖਮਿਆਜ਼ਾ ਭੁਗਤ ਰਹੇ ਹਨ।ਪ੍ਰਧਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਸੂਬਾ ਇਕਾਈ ਦਾ ਵਫ਼ਦ ਆਉਣ ਵਾਲੇ ਦਿਨਾਂ ਵਿੱਚ ਗਵਰਨਰ ਪੰਜਾਬ ਨੂੰ ਮਿਲੇਗਾ। ਇਸ ਮੌਕੇ ਜੀਪੀ ਸਿੰਘ, ਅਵਤਾਰ ਸਿੰਘ, ਸਤਿੰਦਰ ਸਿੰਘ, ਮਨਮੋਹਨ ਸਿੰਘ ਕਾਹਲੋਂ, ਰਤਨ ਸਿੰਘ ਜੀਰਕਪੁਰ, ਜਸਵੰਤ ਸਿੰਘ, ਹਰਭਿੰਦਰ ਕੁਮਾਰ, ਅਮਰ ਸਿੰਘ ਪਰਾਗਪੁਰ, ਰਘਵੀਰ ਸਿੰਘ, ਸਤਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਮਲਕਪੁਰ ਹਾਜ਼ਰ ਸਨ।