ਯੂਟੀ ਦੇ ਕਾਲਜਾਂ ਵਿੱਚ ਦਾਖ਼ਲਿਆਂ ਦਾ ਅਮਲ ਮੁਲਤਵੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਜੂਨ
ਚੰਡੀਗੜ੍ਹ ਦੇ ਕਾਲਜਾਂ ਵਿੱਚ ਦਾਖ਼ਲਿਆਂ ਲਈ ਉੱਚ ਸਿੱਖਿਆ ਵਿਭਾਗ ਨੇ ਭਲਕੇ ਦੋ ਜੂਨ ਨੂੰ ਪ੍ਰਾਸਪੈਕਟਸ ਜਾਰੀ ਕਰਨਾ ਸੀ ਪਰ ਯੂਨੀਵਰਸਿਟੀ ਵੱਲੋਂ ਦਾਖ਼ਲਿਆਂ ਦੇ ਅਮਲ ਨੂੰ ਮਨਜ਼ੂਰੀ ਮਿਲਣ ’ਚ ਦੇਰੀ ਕਾਰਨ ਇਹ ਅਮਲ ਇੱਕ-ਦੋ ਦਿਨ ਸ਼ੁਰੂ ਨਹੀਂ ਹੋਵੇਗਾ ਪਰ ਦਾਖ਼ਲਿਆਂ ਲਈ ਪ੍ਰਾਸਪੈਕਟਸ ਇਸ ਹਫ਼ਤੇ ਜਾਰੀ ਹੋ ਸਕਦੇ ਹਨ। ਇਸ ਵਾਰ ਚੰਡੀਗੜ੍ਹ ਦੇ ਕਾਲਜਾਂ ’ਚ 21 ਹਜ਼ਾਰ ਤੋਂ ਵੱਧ ਸੀਟਾਂ ’ਤੇ ਦਾਖ਼ਲੇ ਹੋਣਗੇ। ਦੂਜੇ ਪਾਸੇ, ਚੰਡੀਗੜ੍ਹ ਦੇ ਕਈ ਨਿੱਜੀ ਕਾਲਜ ਦੋ ਜੂਨ ਨੂੰ ਆਪਣਾ-ਆਪਣਾ ਪ੍ਰਾਸਪੈਕਟਸ ਜਾਰੀ ਕਰਨਗੇ ਜਿਨ੍ਹਾਂ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵੀ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਉੱਚ ਸਿੱਖਿਆ ਵਿਭਾਗ ਨੇ ਇਸ ਵਾਰ ਸਾਂਝਾ ਪ੍ਰਾਸਪੈਕਟਸ ਪੋਸਟ-ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਤੋਂ ਤਿਆਰ ਕਰਵਾਇਆ ਹੈ। ਇਸ ’ਚ ਸ਼ਹਿਰ ਦੇ 11 ਕਾਲਜਾਂ ਵਿੱਚੋਂ ਹਰ ਕਾਲਜ ’ਚ ਉਪਲਬਧ ਕੋਰਸ ਤੇ ਉਨ੍ਹਾਂ ਦੀ ਸੀਟਾਂ ਦਾ ਵੇਰਵਾ ਹੋਵੇਗਾ। ਇਹ ਪਤਾ ਲੱਗਿਆ ਹੈ ਕਿ ਇਹ ਪ੍ਰਾਸਪੈਕਟਸ ਤਿਆਰ ਹੋ ਚੁੱਕਿਆ ਹੈ ਤੇ ਇਸ ਨੂੰ ਦੋ ਜੂਨ ਨੂੰ ਜਾਰੀ ਕੀਤਾ ਜਾਣਾ ਸੀ ਤੇ ਇਸ ਸਬੰਧੀ 30 ਮਈ ਨੂੰ ਯੂਨੀਵਰਸਿਟੀ ’ਚ ਮੀਟਿੰਗ ਵੀ ਹੋਈ ਪਰ ਉੱਚ ਸਿੱਖਿਆ ਵਿਭਾਗ ਨੂੰ ਇਸ ਦੀ ਹਾਲੇ ਤਕ ਮਨਜ਼ੂਰੀ ਨਹੀਂ ਮਿਲੀ। ਇਸ ਕਾਰਨ ਦਾਖ਼ਲਿਆਂ ਦਾ ਅਮਲ ਕੁਝ ਦਿਨ ਰੋਕਣ ਦਾ ਫ਼ੈਸਲਾ ਲਿਆ ਹੈ।
ਪਤਾ ਲੱਗਿਆ ਹੈ ਕਿ ਦਾਖ਼ਲਿਆਂ ਲਈ ਪ੍ਰਾਸਪੈਕਟਸ ਜੂਨ ਦੇ ਪਹਿਲੇ ਹਫ਼ਤੇ ਜਾਰੀ ਹੋਵੇਗਾ ਤੇ ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਦਾਖ਼ਲਿਆਂ ਲਈ ਰਜਿਸਟਰਡ ਕਰਵਾਉਣ ਲਈ 15 ਤੋਂ 20 ਦਿਨ ਦਿੱਤੇ ਜਾਣਗੇ। ਇਸ ਤੋਂ ਬਾਅਦ ਜੁਲਾਈ ’ਚ ਕਾਊਂਸਲਿੰਗ ਸ਼ੁਰੂ ਹੋ ਜਾਵੇਗੀ।
ਡਾਇਰੈਕਟਰ ਹਾਇਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਪ੍ਰਾਸਪੈਕਟਸ ਤਿਆਰ ਕਰ ਲਿਆ ਗਿਆ ਹੈ ਪਰ ਤਕਨੀਕੀ ਸਮੱਸਿਆ ਕਾਰਨ ਇਸ ਨੂੰ ਅਗਲੇ ਦੋ ਦਿਨ ਜਾਰੀ ਨਹੀਂ ਕੀਤਾ ਜਾਵੇਗਾ। ਪ੍ਰਾਸਪੈਕਟਸ ਤਿਆਰ ਕਰਨ ਵਾਲੀ ਟੀਮ ਦੇ ਮੈਂਬਰ ਡਾ. ਸਲਵਾਨ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕੈਲੰਡਰ ਅਨੁਸਾਰ ਕਾਲਜਾਂ ’ਚ ਦਾਖ਼ਲੇ 15 ਜੁਲਾਈ ਤੋਂ ਸ਼ੁਰੂ ਹੋਣੇ ਹਨ ਤੇ ਉਹ ਲੇਟ ਨਹੀਂ ਹਨ। ਇਸ ਤੋਂ ਪਹਿਲਾਂ ਕਾਲਜਾਂ ਵਿੱਚ ਦਾਖ਼ਲੇ ਸ਼ੁਰੂ ਕਰ ਦਿੱਤੇ ਜਾਣਗੇ।
ਦੂਜੇ ਪਾਸੇ, ਚੰਡੀਗੜ੍ਹ ਦੇ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ ਚਾਹਵਾਨਾਂ ਦੀ ਬੇਸਬਰੀ ਵਧਦੀ ਜਾ ਰਹੀ ਹੈ ਤੇ ਉਹ ਰੋਜ਼ਾਨਾ ਕਾਲਜਾਂ ਜਾਂ ਉਚ ਸਿੱਖਿਆ ਵਿਭਾਗ ਤੋਂ ਦਾਖ਼ਲਿਆਂ ਦਾ ਅਮਲ ਸ਼ੁਰੂ ਕਰਨ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ ਪਰ ਉਨ੍ਹਾਂ ਨੂੰ ਹਾਲੇ ਤਕ ਕੋਈ ਜਾਣਕਾਰੀ ਨਹੀਂ ਮਿਲ ਰਹੀ।
ਪ੍ਰਾਸਪੈਕਟਸ ਜਲਦੀ ਜਾਰੀ ਹੋਣਗੇ: ਡਾਇਰੈਕਟਰ
ਡਾਇਰੈਟਰ ਹਾਇਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਦਾਖ਼ਲਿਆਂ ਦੀ ਪਾਲਸੀ ਸਬੰਧੀ ਮੀਟਿੰਗ ਹੋਈ ਸੀ ਪਰ ਇਸ ਦੇ ਮਿੰਟਸ ਹਾਲੇ ਤਕ ਨਹੀਂ ਆਏ ਤੇ ਇਨ੍ਹਾਂ ਦੇ ਮਿੰਟਸ ਆਉਣ ’ਤੇ ਅਗਲੇ ਦਿਨ ਹੀ ਪ੍ਰਾਸਪੈਕਟਸ ਜਾਰੀ ਕਰ ਦਿੱਤਾ ਜਾਵੇਗਾ।