ਯੂ ਟੀ ਦੇ ਸਕੂਲਾਂ ਵਿਚ ਆਰਥਿਕ ਤੌਰ ’ਤੇ ਕਮਜ਼ੋਰ ਵਰਗ (ਈ ਡਬਲਿਊ ਐੱਸ ਵਰਗ) ਤੇ ਡਿਸਅਡਵਾਂਟੇਜ ਗਰੁੱਪ ਲਈ ਆਨਲਾਈਨ ਦਾਖਲਾ ਪ੍ਰਕਿਰਿਆ 18 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਲਈ ਯੂ ਟੀ ਦੇ ਸਿੱਖਿਆ ਵਿਭਾਗ ਨੇ ਦਾਖਲਿਆਂ ਦਾ ਵੇਰਵਾ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਵਿਦਿਆਰਥੀ ਦੇ ਮਾਪੇ 31 ਜਨਵਰੀ ਤੱਕ ਸਰਕਾਰੀ ਜਾਂ ਨਿੱਜੀ ਸਕੂਲਾਂ ਵਿੱਚ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ। ਯੂ ਟੀ ਦੇ ਸਾਰੇ ਨਿੱਜੀ ਸਕੂਲਾਂ ਨੂੰ ਆਪਣੇ ਸਕੂਲਾਂ ਵਿਚ ਇਨ੍ਹਾਂ ਵਰਗਾਂ ਲਈ 25 ਫੀਸਦੀ ਸੀਟਾਂ ਰਾਖਵੀਆਂ ਰੱਖਣੀਆਂ ਜ਼ਰੂਰੀ ਹਨ। ਇਸ ਸਬੰਧੀ ਪ੍ਰਾਈਵੇਟ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਨੂੰ 16 ਦਸੰਬਰ (ਸ਼ਾਮ 5 ਵਜੇ) ਤੱਕ ਕੇਂਦਰੀ ਪੋਰਟਲ ’ਤੇ ਦਾਖਲਾ ਪ੍ਰਕਿਰਿਆ ਦੇ ਵੇਰਵੇ ਦੇਣੇ ਲਾਜ਼ਮੀ ਹੋਣਗੇ। ਜਾਣਕਾਰੀ ਅਨੁਸਾਰ ਈ ਡਬਲਿਊ ਐੱਸ ਲਈ ਪਰਿਵਾਰਾਂ ਦੀ ਸਾਲਾਨਾ ਆਮਦਨ 1.5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਇਸ ਸਬੰਧੀ ਡੀ ਸੀ ਵਲੋਂ ਜਾਰੀ ਆਮਦਨ ਸਰਟੀਫਿਕੇਟ ਅਪਲੋਡ ਕਰਨਾ ਹੋਵੇਗਾ।
ਡਿਸਅਡਵਾਂਟੇਜ ਵਰਗ ਵਿੱਚ ਅਨੁਸੂਚਿਤ ਜਾਤੀ ਦੇ ਬੱਚੇ, ਅਪਾਹਜ ਬੱਚੇ, ਕੈਂਸਰ, ਥੈਲੇਸੀਮੀਆ ਜਾਂ ਐੱਚਆਈਵੀ ਤੋਂ ਪੀੜਤ, ਅਪਾਹਜ ਮਾਪਿਆਂ ਦੇ ਬੱਚੇ, ਅਨਾਥ, ਆਪਣੇ ਇਕਲੌਤੇ ਕਮਾਉਣ ਵਾਲੇ ਮੈਂਬਰ ਨੂੰ ਗੁਆ ਚੁੱਕੇ ਬੱਚੇ ਅਤੇ ਜੰਗੀ ਵਿਧਵਾਵਾਂ ਜਾਂ ਰੱਖਿਆ, ਅਰਧ ਸੈਨਿਕ ਬਲਾਂ ਦੇ ਬੱਚੇ, ਡਿਊਟੀ ਦੌਰਾਨ ਫੌਤ ਹੋਏ ਪੁਲੀਸ ਮੁਲਾਜ਼ਮਾਂ ਦੇ ਬੱਚੇ ਸ਼ਾਮਲ ਹਨ। ਇਸ ਸਬੰਧੀ ਸਰਟੀਫਿਕੇਟ ਪੀ ਜੀ ਆਈ ਐੱਮ ਈ ਆਰ, ਜੀ ਐੱਮ ਸੀ ਐੱਚ 32, ਜਨਰਲ ਹਸਪਤਾਲ 16 ਜਾਂ ਸਬੰਧਿਤ ਰੱਖਿਆ ਅਤੇ ਜ਼ਿਲ੍ਹਾ ਅਧਿਕਾਰੀਆਂ ਦੇ ਮੈਡੀਕਲ ਬੋਰਡਾਂ ਵਲੋਂ ਜਾਰੀ ਹੋਣੇ ਚਾਹੀਦੇ ਹਨ।
ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਦਾਖਲਾ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਬੱਚੇ ਦਾ ਜਨਮ ਦਾ ਸਬੂਤ, ਆਧਾਰ, ਪਾਸਪੋਰਟ, ਜਾਂ ਜਨਮ ਸਰਟੀਫਿਕੇਟ ਤੇ ਰਿਹਾਇਸ਼ ਦੇ ਸਬੂਤ ਨੱਥੀ ਕਰਨੇ ਪੈਣਗੇ।
ਹਰ ਸਕੂਲ ਵਿੱਚ ਦਾਖਲਾ ਫਾਰਮ ਭਰਨ ਦੀ ਸਹੂਲਤ
ਸਿੱਖਿਆ ਵਿਭਾਗ ਨੇ ਗਰੀਬ ਵਰਗ ਲਈ ਸਾਰੇ ਸਕੂਲਾ ’ਚ ਫਾਰਮ ਭਰਮ ਦੀ ਸਹੂਲਤ ਦਿੱਤੀ ਹੈ। ਹਰ ਸਕੂਲ ਨੂੰ ਇਸ ਪ੍ਰਕਿਰਿਆ ਲਈ ਦੋ ਅਧਿਆਪਕ ਤਾਇਨਾਤ ਕਰਨ ਲਈ ਕਿਹਾ ਗਿਆ ਹੈ। ਨਿੱਜੀ ਸਕੂਲਾਂ ਵਿਚ ਵੀ ਫਾਰਮ ਭਰਮ ਦੀ ਸਹੂਲਤ ਮਿਲੇਗੀ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਸਕੂਲਾਂ ਵਿਚ ਦੋ ਹੈਲਪ ਡੈਸਕ ਬਣਾਉਣ ਤੇ ਮਾਪਿਆਂ ਨੂੰ ਫਾਰਮ ਭਰਨ ਤੇ ਹੋਰ ਸਵਾਲਾਂ ਦੇ ਜਵਾਬ ਦੇਣ।
ਦਾਖਲਾ ਪ੍ਰਕਿਰਿਆ ਦੀ ਸਮਾਂ ਸਾਰਣੀ
16 ਦਸੰਬਰ: ਪ੍ਰਾਈਵੇਟ ਸਕੂਲਾਂ ਕੇਂਦਰੀ ਪੋਰਟਲ ’ਤੇ ਸ਼ਾਮ 5 ਵਜੇ ਤੱਕ ਵੇਰਵੇ ਅਪਲੋਡ ਕਰਨਗੇ
18 ਦਸੰਬਰ ਤੋਂ 31 ਜਨਵਰੀ: ਰਜਿਸਟਰੇਸ਼ਨ ਕਰਵਾਉਣਗੇ ਮਾਪੇ
1-21 ਫਰਵਰੀ: ਯੋਗ ਬੱਚਿਆਂ ਦੀ ਤਸਦੀਕ ਕੀਤੀ ਜਾਵੇਗੀ
25 ਫਰਵਰੀ: ਸੀਟ ਵੰਡ ਲਈ ਡਰਾਅ
9 ਮਾਰਚ : ਸਕੂਲ ’ਚ ਦਾਖਲਾ ਹੋਣ ਦੀ ਪੁਸ਼ਟੀ
17 ਮਾਰਚ: ਦੂਜਾ ਡਰਾਅ (ਜੇਕਰ ਲੋੜ ਹੋਵੇ)
24 ਮਾਰਚ: ਸਕੂਲਾਂ ਵਲੋਂ ਵਿਦਿਆਰਥੀਆਂ ਦੇ ਦਾਖਲੇ ਦੀ ਪੁਸ਼ਟੀ

