ਪ੍ਰਸ਼ਾਸਕ ਨੇ ਰਿਹਾਇਸ਼ੀ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ
ਸੈਕਟਰ-43 ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ
ਪੰਜਾਬ ਦੇ ਰਾਜਪਾਲ ਅਤੇ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸ਼ਹਿਰ ਦੇ ਕਈ ਪ੍ਰਮੁੱਖ ਰਿਹਾਇਸ਼ੀ ਅਤੇ ਹੋਰ ਵਪਾਰਕ ਪ੍ਰਾਜੈਕਟਾਂ ਦਾ ਜਾਇਜਾ ਲਿਆ। ਇਸ ਦੌਰਾਨ ਪ੍ਰਸ਼ਾਸਕ ਵੱਲੋਂ ਨਿੱਜੀ ਤੌਰ ’ਤੇ ਅੱਧਾ ਦਰਜਨ ਤੋਂ ਵੱਧ ਸਾਇਟਾਂ ਦਾ ਦੌਰਾ ਕਰਕੇ ਪ੍ਰਾਜੈਕਟਾਂ ਨੂੰ ਜਲਦੀ ਅਮਲੀ ਰੂਪ ਦੇਣ ਦੇ ਨਿਰਦੇਸ਼ ਦਿੱਤੇ। ਪ੍ਰਸ਼ਾਸਕ ਨੇ ਅੱਜ ਆਈ ਟੀ ਪਾਰਕ, ਮਨੀਮਾਜਰਾ ਵਿੱਚ ਆਈ ਟੀ ਹੈਬੀਟੈਟ ਪ੍ਰਾਜੈਕਟ ਸਥਲ, ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਸੰਜੈ ਕਲੋਨੀ, ਸੈਕਟਰ-43 ਵਿੱਚ ਸਰਕਾਰੀ ਰਿਹਾਇਸ਼ੀ ਸਾਇਟ, ਸੈਕਟਰ-43 ਵਿੱਚ ਸਬ-ਸਿਟੀ ਸੈਂਟਰ, ਸੈਕਟਰ-53 ਵਿੱਚ ਚੰਡੀਗੜ੍ਹ ਹਾਊਸਿੰਗ ਬੋਰਡ ਪ੍ਰਾਜੈਕਟ ਸਾਇਟ, ਸੈਕਟਰ-54 ਵਿੱਚ ਹਾਲ ਹੀ ਵਿੱਚ ਖਾਲੀ ਕਰਵਾਈ ਗਈ ਫਰਨੀਚਰ ਮਾਰਕੀਟ ਦੀ ਜ਼ਮੀਨ ਅਤੇ ਸੈਕਟਰ-54 ਦੀ ਆਦਰਸ਼ ਕਲੋਨੀ ਦਾ ਦੌਰਾ ਕੀਤਾ।
ਯੂਟੀ ਦੇ ਪ੍ਰਸ਼ਾਸਕ ਨੇ ਸਰਕਾਰੀ ਕਰਮਚਾਰੀਆਂ ਲਈ ਸੈਕਟਰ-43 ਵਿੱਚ ਬਣਾਏ ਜਾ ਰਹੇ ਸਰਕਾਰੀ ਰਿਹਾਇਸ਼ੀ ਪ੍ਰਾਜੈਕਟ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਰਿਹਇਸ਼ੀ ਮਕਾਨਾਂ ਵਾਲੇ ਇਲਾਕੇ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰੀ ਮਕਾਨਾਂ ਨੇੜੇ ਧੋਬੀ, ਕਰਿਆਨੇ ਦੀਆਂ ਦੁਕਾਨਾਂ ਅਤੇ ਵਪਾਰਕ ਸਥਾਨਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ।
ਕਟਾਰੀਆ ਨੇ ਸੈਕਟਰ-43 ਦੇ ਸਬ-ਸਿਟੀ ਸੈਂਟਰ ਵਿੱਚ 70 ਏਕੜ ਦੇ ਮਿਸ਼ਰਿਤ-ਭੂ-ਉਪਯੋਗ ਵਿਕਾਸ ਖੇਤਰ ਅਤੇ ਸੈਕਟਰ-54 ਦੀ ਫਰਨੀਚਰ ਮਾਰਕੀਟ ਤੋਂ ਪ੍ਰਾਪਤ ਜ਼ਮੀਨ ਲਈ ਉਚਿਤ ਜ਼ੋਨਿੰਗ, ਯੋਜਨਾਬੱਧ ਢੰਗ ਨਾਲ ਵਰਤੋਂ ਅਤੇ ਭਵਿੱਖ-ਮੁਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੈਕਟਰ-56 ਵਿੱਚ ਬਣਾਈ ਜਾ ਰਹੀ ਹੋਲਸੇਲ ਮਾਰਕੀਟ ਦੀ ਸਾਈਟ ਦੌਰਾ ਕੀਤਾ।
ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਇਸ ਜ਼ਮੀਨ ’ਤੇ ਧਨਾਸ ਦੇ ਮਾਰਬਲ ਡੀਲਰ ਅਤੇ ਫਰਨੀਚਰ ਮਾਰਕੀਟ ਦੇ ਦੁਕਾਨ ਮਾਲਕ ਤਬਦੀਲ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਯੂ ਟੀ ਦੇ ਪ੍ਰਸ਼ਾਸਕ ਨੇ ਸੈਕਟਰ-42 ਸਥਿਤ ਬੇਅੰਤ ਸਿੰਘ ਮੈਮੋਰੀਅਲ ਦਾ ਵੀ ਨਿਰੀਖਣ ਕੀਤਾ ਪ੍ਰਸ਼ਾਸਕ ਨੇ ਸੈਕਟਰ-53 ਅਤੇ 54 ਵਿੱਚ ਚੰਡੀਗੜ੍ਹ ਹਾਊਸਿੰਗ ਬੋਰਡ ਪ੍ਰਾਜੈਕਟ ਸਾਇਟਾਂ ’ਤੇ ਅਧਿਕਾਰੀਆਂ ਨੂੰ ਵਿਕਾਸ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।
ਸਾਬਕਾ ਸੈਨਿਕਾਂ ਤੇ ਪਰਿਵਾਰਾਂ ਦੀ ਭਲਾਈ ਲਈ ਚੈੱਕ ਦਿੱਤੇ
ਇੱਥੋਂ ਦੇ ਪੰਜਾਬ ਲੋਕ ਭਵਨ ਵਿੱਚ 77ਵਾਂ ਆਰਮਡ ਫੋਰਸਿਜ਼ ਫਲੈਗ ਦਿਵਸ ਮਨਾਇਆ ਗਿਆ। ਇਸ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਬੈਜ ਲਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਜ਼ਿਲ੍ਹਾ ਸੈਨਿਲ ਭਲਾਈ ਅਧਿਕਾਰੀ ਹਰਜੀਤ ਸਿੰਘ ਘੁੰਮਣ (ਸੇਵਾਮੁਕਤ) ਅਤੇ ਹੋਰ ਸਟਾਫ ਮੈਂਬਰ ਮੌਜੂਦ ਰਹੇ। ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਨੇ 77ਵੇਂ ਆਰਮਡ ਫੋਰਸਿਜ਼ ਫਲੈਗ ਦਿਵਸ ’ਤੇ ਗਵਰਨਰ ਵੈੱਲਫੇਅਰ ਫੰਡ ਤੋਂ ਸੈਨਿਕਾਂ ਦੀ ਭਲਾਈ ਲਈ 1 ਲੱਖ ਰੁਪਏ ਦਾ ਯੋਗਦਾਨ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਆਸ਼ਰਿਤਾਂ ਦੇ ਕਲਿਆਣ ਹਿਤ ਸ਼ੁਰੂ ਕੀਤੀਆਂ ਗਈਆਂ ਨਵੀਆਂ ਯੋਜਨਾਵਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਹਰ ਸਾਲ 7 ਦਸੰਬਰ ਨੂੰ ਆਰਮਡ ਫੋਰਸਿਜ਼ ਫਲੈਗ ਦਿਵਸ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਰਾਸ਼ਟਰ ਦੀ ਰੱਖਿਆ ਵਿੱਚ ਤਤਪਰ ਸਾਡੇ ਵੀਰ ਸੈਨਿਕਾਂ ਦੇ ਸਨਮਾਨ ਅਤੇ ਕਲਿਆਣ ਦੇ ਯੋਗਦਾਨ ਦੇਣ ਹਿਤ ਪ੍ਰੇਰਿਤ ਕਰਨਾ ਹੈ। ਇਸ ਅਵਸਰ ’ਤੇ ਨਾਗਰਿਕ ਮਾਣ ਨਾਲ ਆਪਣੀ ਵਰਦੀ ਜਾਂ ਬਸਤਰਾਂ ’ਤੇ ਝੰਡੇ ਦਾ ਬੈਜ ਧਾਰਨ ਕਰਦੇ ਹਨ ਅਤੇ ਆਰਮਡ ਫੋਰਸਿਜ਼ ਫਲੈਗ ਡੇ ਫੰਡ ਵਿੱਚ ਯੋਗਦਾਨ ਪਾ ਕੇ ਹਥਿਆਰਬੰਦ ਸੈਨਾਵਾਂ ਨਾਲ ਆਪਣੇ ਸਹਿਯੋਗ ਅਤੇ ਇਕਜੁੱਟਤਾ ਦਾ ਸੰਦੇਸ਼ ਦਿੰਦੇ ਹਨ। ਇਹ ਫੰਡ ਸਾਬਕਾ ਸੈਨਿਕਾਂ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ, ਵਿਧਵਾਵਾਂ ਤੇ ਆਸ਼ਰਿਤਾਂ ਦੇ ਕਲਿਆਣ ਕਾਰਜਾਂ ਵਿੱਚ ਵਰਤਿਆ ਜਾਂਦਾ ਹੈ।

