ਪ੍ਰਸ਼ਾਸਕ ਨੇ ਕੇਂਦਰ ਕੋਲ ਚੁੱਕਿਆ ਯੂਟੀ ’ਚ 328 ਈ-ਬੱਸਾਂ ਦੀ ਮਨਜ਼ੂਰੀ ਦਾ ਮੁੱਦਾ
ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਨਵੀਂ ਦਿੱਲੀ ਵਿੱਚ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ ਮਨੋਹਰ ਲਾਲ ਖੱਟਰ, ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ, ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨਾਲ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਵਿੱਚ ਸ੍ਰੀ ਕਟਾਰੀਆ ਨੇ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਤਹਿਤ ਚੰਡੀਗੜ੍ਹ ਲਈ 328 ਇਲੈਕਟ੍ਰਿਕ ਬੱਸਾਂ ਦੀ ਮਨਜ਼ੂਰੀ ਨਾਲ ਸਬੰਧਤ ਲੰਬਿਤ ਮਾਮਲਾ ਚੁੱਕਿਆ। ਉਨ੍ਹਾਂ ਨੇ ਸੀਟੀਯੂ ਅਤੇ ਸੀਸੀਬੀਐੱਸਐੱਸ ਦੇ ਪੁਰਾਣੇ ਬੇੜੇ ਨੂੰ ਬਦਲਣ ਲਈ ਜੀਸੀਸੀ ਮਾਡਲ ’ਤੇ ਇਨ੍ਹਾਂ ਬੱਸਾਂ ਨੂੰ ਜਲਦੀ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ। ਰਾਜਪਾਲ ਨੇ ਅਕਤੂਬਰ-2023 ਵਿੱਚ ਪਹਿਲਾਂ ਤੋਂ ਮਨਜ਼ੂਰ ਕੀਤੀਆਂ ਗਈਆਂ 100 ਇਲੈਕਟ੍ਰਿਕ ਬੱਸਾਂ ਲਈ ਲੈਟਰ-ਆਫ-ਐਵਾਰਡ ਜਲਦ ਜਾਰੀ ਕਰਨ ਦੀ ਵੀ ਮੰਗ ਕੀਤੀ।
ਰਾਜਪਾਲ ਨੇ ਅਸ਼ਵਨੀ ਵੈਸ਼ਨਵ ਨਾਲ ਮੀਟਿੰਗ ਕਰਦਿਆਂ ਯਾਤਰੀਆਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਰਨ ਤਾਰਨ ਸਮੇਤ ਪੰਜਾਬ-ਚੰਡੀਗੜ੍ਹ ਦਰਮਿਆਨ ਰੇਲ ਸੰਪਰਕ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਦੈਪੁਰ ਅਤੇ ਚੰਡੀਗੜ੍ਹ ਦਰਮਿਆਨ ਬਿਹਤਰ ਰੇਲ ਸੰਪਰਕ ਬਾਰੇ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਸ੍ਰੀ ਕਟਾਰੀਆ ਨੇ ਚੰਡੀਗੜ੍ਹ ਵਿੱਚ ਸੈਰ-ਸਪਾਟਾ ਵਿਕਾਸ ਪ੍ਰਾਜੈਕਟਾਂ ਲਈ ਕੇਂਦਰੀ ਟੂਰਿਜ਼ਮ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਵੀ ਮੁਲਾਕਾਤ ਕੀਤੀ।
ਪ੍ਰਸ਼ਾਸਕ ਸ੍ਰੀ ਕਟਾਰੀਆ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨਾਲ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਨਿਵਾਸੀਆਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਘਰੇਲੂ ਅਤੇ ਕੌਮਾਂਤਰੀ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ’ਤੇ ਚਰਚਾ ਕੀਤੀ।