ਪੰਜਾਬ ਤੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਚੰਡੀਗੜ੍ਹ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਅਤੇ ਲੋਕਾਂ ਤੇ ਪ੍ਰਸ਼ਾਸਨ ਦਰਮਿਆਨ ਸਿੱਧੇ ਸੰਚਾਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕਦਮ ਅੱਗੇ ਵਧਾਉਂਦਿਆਂ ਹਰ ਬੁੱਧਵਾਰ ਦੀ ਤਰ੍ਹਾਂ ਅੱਜ ਵੀ ਯੂਟੀ ਸਕੱਤਰੇਤ ਵਿਖੇ ਜਨਤਾ ਦਰਬਾਰ ਲਗਾਇਆ ਗਿਆ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਨਾਗਰਿਕਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਕ ਅੱਗੇ ਰੱਖਿਆ। ਯੂਟੀ ਦੇ ਪ੍ਰਸ਼ਾਸਕ ਨੇ ਜਨਤਾ ਦਰਬਾਰ ਵਿੱਚ ਪਹੁੰਚੇ ਹਰੇਕ ਵਿਅਕਤੀ ਦੀ ਗੱਲ ਸੁਣੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ’ਤੇ ਧਿਆਨ ਦਿੱਤਾ। ਇਸ ਦੇ ਨਾਲ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।
ਇਸ ਤੋਂ ਪਹਿਲੇ ਰਾਜਪਾਲ ਨੇ ਓਲੰਪਿਕ ਸੋਨ ਤਗ਼ਮਾ ਜੇਤੂ ਅਭਿਨਵ ਬਿੰਦਰਾ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਅਤੇ ਸਿੱਖਿਆ ਵਿਭਾਗ ਅਤੇ ਅਭਿਨਵ ਬਿੰਦਰਾ ਫਾਊਂਡੇਸ਼ਨ ਟਰੱਸਟ ਦੇ ਦਰਮਿਆਨ ਸਮਝੌਤਾ ਕਰਨ ਬਾਰੇ ਚੱਲ ਰਹੇ ਕਾਰਜ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਬਿੰਦਰਾ ਵੱਲੋਂ ਚੰਡੀਗੜ੍ਹ ਦੇ ਖਿਡਾਰੀਆਂ ਦੇ ਸਹਿਯੋਗ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਭਿਨਵ ਬਿੰਦਰਾ ਫਾਊਂਡੇਸ਼ਨ ਟਰੱਸਟ ਤੋਂ ਸਿਖਲਾਈ ਲੈ ਕੇ ਚੰਡੀਗੜ੍ਹ ਦੇ ਖਿਡਾਰੀ ਵੀ ਦੁਨੀਆ ਭਰ ਵਿੱਚ ਚੰਡੀਗੜ੍ਹ ਅਤੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰ ਸਕਣਗੇ। ਸ੍ਰੀ ਕਟਾਰੀਆ ਨੇ ਅੱਜ ਜਨਤਾ ਦਰਬਾਰ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ।