ਪ੍ਰਸ਼ਾਸਨ ਨੇ ਚਾਰ ਦਹਾਕੇ ਪੁਰਾਣੀ ਫਰਨੀਚਰ ਮਾਰਕੀਟ ਹਟਾਈ
ਯੂਟੀ ਪ੍ਰਸ਼ਾਸਨ ਨੇ ਅੱਜ ਚੰਡੀਗੜ੍ਹ ਦੇ ਸੈਕਟਰ-53-54 ਨੂੰ ਵੰਡਦੀ ਸੜਕ ’ਤੇ ਸਥਿਤ 40 ਸਾਲ ਪੁਰਾਣੀ ਫਰਨੀਚਰ ਮਾਰਕੀਟ ਨੂੰ ਢਾਹ ਦਿੱਤਾ। ਹਾਲਾਂਕਿ, ਕੁਝ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਤਾਇਨਾਤ ਚੰਡੀਗੜ੍ਹ ਪੁਲੀਸ ਦੇ ਇੱਕ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਇੱਕ ਪਾਸੇ ਕਰ ਦਿੱਤਾ। ਪ੍ਰਸ਼ਾਸਨ ਨੇ ਬੁਲਡੋਜ਼ਰ ਤੇ ਜੇਸੀਬੀ ਰਾਹੀਂ ਫਰਨੀਚਰ ਮਾਰਕੀਟ ਵਿੱਚ ਸਥਿਤ 116 ਦੁਕਾਨਾਂ ਨੂੰ ਢਾਹ ਦਿੱਤਾ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਅੱਜ ਸਵੇਰੇ 7 ਵਜੇ ਬੁਲਡੋਜ਼ਰ ਤੇ ਜੇਸੀਬੀ ਦੀਆਂ ਮਸ਼ੀਨਾਂ ਲੈ ਕੇ ਫਰਨੀਚਰ ਮਾਰਕੀਟ ਵਿੱਚ ਪਹੁੰਚ ਗਏ। ਜਿੱਥੇ ਪਹਿਲਾਂ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਭਾਰੀ ਪੁਲੀਸ ਬੱਲ ਅੱਗੇ ਉਹ ਕੁਝ ਨਾ ਕਰ ਸਕੇ। ਇਸ ਤੋਂ ਬਾਅਦ ਦੁਕਾਨਦਾਰਾਂ ਨੇ ਦੁਕਾਨਾਂ ਵਿੱਚ ਸਾਮਾਨ ਪਿਆ ਹੋਣ ਲਈ ਕੁਝ ਸਮਾਂ ਦੀ ਮੋਹਲਤ ਮੰਗੀ ਤਾਂ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਦੋ ਘੰਟਿਆਂ ਦਾ ਸਮਾਂ ਦਿੱਤਾ। ਪ੍ਰਸ਼ਾਸਨ ਦੇ ਸਮਾਂ ਦੇਣ ’ਤੇ ਤੁਰੰਤ ਦੁਕਾਨਦਾਰਾਂ ਨੇ ਆਪਣਾ ਸਾਰਾਂ ਸਾਮਾਨ ਸੜਕਾਂ ’ਤੇ ਹੀ ਰੱਖ ਦਿੱਤਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਤਿੰਨ-ਚਾਰ ਘੰਟਿਆਂ ਦੀ ਭਾਰੀ ਮੁਸ਼ਕਤ ਤੋਂ ਬਾਅਦ ਸਾਰੀਆਂ ਦੁਕਾਨਾਂ ਨੂੰ ਢਾਹ ਦਿੱਤਾ ਹੈ। ਪ੍ਰਸ਼ਾਸਨ ਦੀ ਕਾਰਵਾਈ ਕਰਕੇ ਸੈਕਟਰ-53 ਤੇ 54 ਵਾਲੀ ਸੜਕ ਨੂੰ ਵੀ ਆਮ ਲੋਕਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਸੀ।
ਇਸ ਮੌਕੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਤੇ ਐੱਸਐੱਸਪੀ ਕੰਵਰਦੀਪ ਕੌਰ ਖੁਦ ਫਰਨੀਚਰ ਮਾਰਕੀਟ ਨੂੰ ਢਾਹੁਣ ਸਮੇਂ ਮੌਜੂਦ ਰਹੇ। ਡੀਸੀ ਨਿਸ਼ਾਂਤ ਯਾਦਵ ਨੇ ਕਿਹਾ ਕਿ ਪ੍ਰਸ਼ਾਸਨ ਨੇ ਅੱਜ ਦੀ ਕਾਰਵਾਈ ਦੇ ਨਾਲ 400 ਕਰੋੜ ਰੁਪਏ ਲਾਗਤ ਵਾਲੀ ਜ਼ਮੀਨ ਨੂੂੰ ਮੁੜ ਪ੍ਰਾਪਤ ਕੀਤਾ ਹੈ। ਪ੍ਰਸ਼ਾਸਨ ਵੱਲੋਂ ਇਸ ਜ਼ਮੀਨ ’ਤੇ ਹੋਰ ਕਈ ਵਿਕਾਸ ਦੇ ਪ੍ਰਾਜੈਕਟਾਂ ਨੂੰ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਰਕਾਰੀ ਜ਼ਮੀਨ ’ਤੇ ਹੋਏ ਨਾਜਾਇਜ਼ ਕਬਜ਼ਿਆ ਨੂੰ ਹਟਾ ਕੇ ਜ਼ਮੀਨ ਨੂੰ ਪ੍ਰਾਪਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਸਾਲ 2002 ਵਿੱਚ ਸੈਕਟਰ 53, 54 ਅਤੇ 55 ਦੇ ਤੀਜੇ ਪੜਾਅ ਦੇ ਵਿਕਾਸ ਲਈ ਕੁੱਲ 227.22 ਏਕੜ ਜ਼ਮੀਨ ਐਕੁਆਇਰ ਕੀਤੀ ਸੀ। ਇਸ ਵਿੱਚ ਕਜਹੇੜੀ ਦੀ 114.43 ਏਕੜ, ਬਡਹੇੜੀ ਦੀ 69.79 ਏਕੜ ਅਤੇ ਪਲਸੌਰਾ ਦੀ 43 ਏਕੜ ਜ਼ਮੀਨ ਸ਼ਾਮਲ ਹਨ। ਪ੍ਰਸ਼ਾਸਨ ਨੇ ਅਸਲ ਜ਼ਮੀਨ ਮਾਲਕਾਂ ਨੂੰ ਮੁਆਵਜ਼ੇ ਦੇ ਨਾਲ-ਨਾਲ ਵਧਾਇਆ ਗਿਆ ਮੁਆਵਜ਼ਾ ਵੀ ਦਿੱਤਾ ਗਿਆ ਸੀ। ਸਾਰੀ ਜ਼ਮੀਨ ਐਕੁਆਇਰ ਕਰਨ ਦੇ ਬਾਵਜੂਦ ਮਾਰਕੀਟ ਵਿੱਚ 15 ਏਕੜ ਜ਼ਮੀਨ ’ਤੇ ਦੁਕਾਨਦਾਰਾਂ ਦਾ ਕਬਜ਼ਾ ਰਹਿ ਗਿਆ ਸੀ। ਪ੍ਰਸ਼ਾਸਨ ਨੇ 22 ਜੂਨ 2024 ਨੂੰ ਫਰਨੀਚਰ ਮਾਰਕੀਟ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਢਾਹ ਕੇ ਸਰਕਾਰੀ ਜ਼ਮੀਨ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਬਾਅਦ 30 ਜੂਨ 2024 ਨੂੰ ਗੈਰ-ਕਾਨੂੰਨੀ ਫਰਨੀਚਰ ਮਾਰਕੀਟ ਵਿੱਚ 29 ਦੁਕਾਨਾਂ ਢਾਹ ਦਿੱਤੀਆਂ ਗਈਆਂ ਸਨ ਅਤੇ ਬਾਕੀ ਰਹਿੰਦੀਆਂ 116 ਦੁਕਾਨਾਂ ਨੂੰ ਅੱਜ ਢਾਹ ਦਿੱਤਾ ਗਿਆ।
ਪ੍ਰਸ਼ਾਸਨ ਦੀ ਕਾਰਵਾਈ ਦੇਖ ਭਾਵੁਕ ਹੋਏ ਦੁਕਾਨਾਂ ਦੇ ਮਾਲਕ
ਯੂਟੀ ਪ੍ਰਸ਼ਾਸਨ ਵੱਲੋਂ ਫਰਨੀਚਰ ਮਾਰਕੀਟ ਨੂੰ ਢਾਹੁਣ ਲਈ ਕੀਤੀ ਗਈ ਕਾਰਵਾਈ ਦੌਰਾਨ ਸੈਂਕੜੇ ਦੀ ਗਿਣਤੀ ਵਿੱਚ ਪਰਿਵਾਰ ਉੱਥੇ ਭਾਵੁਕ ਹੋਏ ਦਿਖਾਈ ਦਿੱਤੇ। ਇਸ ਦੌਰਾਨ ਕਈ ਥਾਵਾਂ ’ਤੇ ਔਰਤਾਂ ਵੱਲੋਂ ਹੱਥ ਬੰਨ੍ਹ ਕੇ ਪ੍ਰਸ਼ਾਸਨ ਨੂੰ ਦੁਕਾਨਾਂ ਢਾਹੁਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਦੀ ਟੀਮ ਨੇ ਆਪਣੀ ਕਾਰਵਾਈ ਜਾਰੀ ਰੱਖੀ। ਫਰਨੀਚਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਭੰਡਾਰੀ ਦੇ ਭਰਾ ਰਾਜੀਵ ਭੰਡਾਰੀ ਨੇ ਕਿਹਾ ਕਿ ਉਹ 40 ਸਾਲਾਂ ਤੋਂ ਇੱਥੇ ਕਾਰੋਬਾਰ ਕਰ ਰਹੇ ਹਨ, ਜਿਸ ਨੂੰ ਪ੍ਰਸ਼ਾਸਨ ਨੇ ਉਜਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਿਕਾਸ ਦੇ ਨਾਮ ’ਤੇ ਸੈਂਕੜੇ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਦਾ ਕਾਰੋਬਾਰ ਠੱਪ ਕਰ ਦਿੱਤਾ ਹੈ।
ਕਾਂਗਰਸ ਵੱਲੋਂ ਪ੍ਰਸ਼ਾਸਨ ਦੀ ਕਾਰਵਾਈ ਦੀ ਨਿਖੇਧੀ
‘ਆਪ’ ਵੱਲੋਂ ਪੁਨਰਵਾਸ ਯੋਜਨਾ ਐਲਾਨੇ ਜਾਣ ਦੀ ਮੰਗ