DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਸ਼ਾਸਨ ਨੇ ਚਾਰ ਦਹਾਕੇ ਪੁਰਾਣੀ ਫਰਨੀਚਰ ਮਾਰਕੀਟ ਹਟਾਈ

ਸੈਕਟਰ-53 ਤੇ 54 ਨੂੰ ਵੰਡਦੀ ਸਡ਼ਕ ’ਤੇ 116 ਦੁਕਾਨਾਂ ਢਾਹੀਆਂ; ਦੁਕਾਨਦਾਰਾਂ ਨੇ ਸਾਮਾਨ ਖੁੱਲ੍ਹੇ ਅਸਮਾਨ ਹੇਠ ਰੱਖਿਆ; ਚਾਰ ਸੌ ਕਰੋਡ਼ ਦੀ ਜ਼ਮੀਨ ਖਾਲੀ ਕਰਵਾਈ: ਨਿਸ਼ਾਂਤ ਯਾਦਵ

  • fb
  • twitter
  • whatsapp
  • whatsapp
featured-img featured-img
ਭਾਰੀ ਪੁਲੀਸ ਬਲ ਦੀ ਮੌਜੂਦਗੀ ਵਿੱਚ ਢਾਹੀਆਂ ਜਾ ਰਹੀਆਂ ਫਰਨੀਚਰ ਮਾਰਕੀਟ ਦੀਆਂ ਦੁਕਾਨਾਂ। -ਫੋਟੋਆਂ: ਵਿੱਕੀ ਘਾਰੂ
Advertisement

ਯੂਟੀ ਪ੍ਰਸ਼ਾਸਨ ਨੇ ਅੱਜ ਚੰਡੀਗੜ੍ਹ ਦੇ ਸੈਕਟਰ-53-54 ਨੂੰ ਵੰਡਦੀ ਸੜਕ ’ਤੇ ਸਥਿਤ 40 ਸਾਲ ਪੁਰਾਣੀ ਫਰਨੀਚਰ ਮਾਰਕੀਟ ਨੂੰ ਢਾਹ ਦਿੱਤਾ। ਹਾਲਾਂਕਿ, ਕੁਝ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਤਾਇਨਾਤ ਚੰਡੀਗੜ੍ਹ ਪੁਲੀਸ ਦੇ ਇੱਕ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਇੱਕ ਪਾਸੇ ਕਰ ਦਿੱਤਾ। ਪ੍ਰਸ਼ਾਸਨ ਨੇ ਬੁਲਡੋਜ਼ਰ ਤੇ ਜੇਸੀਬੀ ਰਾਹੀਂ ਫਰਨੀਚਰ ਮਾਰਕੀਟ ਵਿੱਚ ਸਥਿਤ 116 ਦੁਕਾਨਾਂ ਨੂੰ ਢਾਹ ਦਿੱਤਾ।

ਜਾਣਕਾਰੀ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਅੱਜ ਸਵੇਰੇ 7 ਵਜੇ ਬੁਲਡੋਜ਼ਰ ਤੇ ਜੇਸੀਬੀ ਦੀਆਂ ਮਸ਼ੀਨਾਂ ਲੈ ਕੇ ਫਰਨੀਚਰ ਮਾਰਕੀਟ ਵਿੱਚ ਪਹੁੰਚ ਗਏ। ਜਿੱਥੇ ਪਹਿਲਾਂ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਭਾਰੀ ਪੁਲੀਸ ਬੱਲ ਅੱਗੇ ਉਹ ਕੁਝ ਨਾ ਕਰ ਸਕੇ। ਇਸ ਤੋਂ ਬਾਅਦ ਦੁਕਾਨਦਾਰਾਂ ਨੇ ਦੁਕਾਨਾਂ ਵਿੱਚ ਸਾਮਾਨ ਪਿਆ ਹੋਣ ਲਈ ਕੁਝ ਸਮਾਂ ਦੀ ਮੋਹਲਤ ਮੰਗੀ ਤਾਂ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਦੋ ਘੰਟਿਆਂ ਦਾ ਸਮਾਂ ਦਿੱਤਾ। ਪ੍ਰਸ਼ਾਸਨ ਦੇ ਸਮਾਂ ਦੇਣ ’ਤੇ ਤੁਰੰਤ ਦੁਕਾਨਦਾਰਾਂ ਨੇ ਆਪਣਾ ਸਾਰਾਂ ਸਾਮਾਨ ਸੜਕਾਂ ’ਤੇ ਹੀ ਰੱਖ ਦਿੱਤਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਤਿੰਨ-ਚਾਰ ਘੰਟਿਆਂ ਦੀ ਭਾਰੀ ਮੁਸ਼ਕਤ ਤੋਂ ਬਾਅਦ ਸਾਰੀਆਂ ਦੁਕਾਨਾਂ ਨੂੰ ਢਾਹ ਦਿੱਤਾ ਹੈ। ਪ੍ਰਸ਼ਾਸਨ ਦੀ ਕਾਰਵਾਈ ਕਰਕੇ ਸੈਕਟਰ-53 ਤੇ 54 ਵਾਲੀ ਸੜਕ ਨੂੰ ਵੀ ਆਮ ਲੋਕਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਸੀ।

Advertisement

ਪ੍ਰਸ਼ਾਸਨ ਦੀ ਕਾਰਵਾਈ ਦੌਰਾਨ ਫਰਨੀਚਰ ਮਾਰਕੀਟ ਵਿੱਚ ਖ਼ਰੀਦਦਾਰੀ ਕਰਦੇ ਹੋਏ ਲੋਕ।
ਦੁਕਾਨਾਂ ਢਾਹੇ ਜਾਣ ਮਗਰੋਂ ਚਿੰਤਾ ਵਿੱਚ ਡੁੱਬਿਆ ਇੱਕ ਪਰਿਵਾਰ।
ਆਪੋ-ਆਪਣਾ ਸਾਮਾਨ ਸਾਂਭਦੇ ਹੋਏ ਦੁਕਾਨਦਾਰ।

ਇਸ ਮੌਕੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਤੇ ਐੱਸਐੱਸਪੀ ਕੰਵਰਦੀਪ ਕੌਰ ਖੁਦ ਫਰਨੀਚਰ ਮਾਰਕੀਟ ਨੂੰ ਢਾਹੁਣ ਸਮੇਂ ਮੌਜੂਦ ਰਹੇ। ਡੀਸੀ ਨਿਸ਼ਾਂਤ ਯਾਦਵ ਨੇ ਕਿਹਾ ਕਿ ਪ੍ਰਸ਼ਾਸਨ ਨੇ ਅੱਜ ਦੀ ਕਾਰਵਾਈ ਦੇ ਨਾਲ 400 ਕਰੋੜ ਰੁਪਏ ਲਾਗਤ ਵਾਲੀ ਜ਼ਮੀਨ ਨੂੂੰ ਮੁੜ ਪ੍ਰਾਪਤ ਕੀਤਾ ਹੈ। ਪ੍ਰਸ਼ਾਸਨ ਵੱਲੋਂ ਇਸ ਜ਼ਮੀਨ ’ਤੇ ਹੋਰ ਕਈ ਵਿਕਾਸ ਦੇ ਪ੍ਰਾਜੈਕਟਾਂ ਨੂੰ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਰਕਾਰੀ ਜ਼ਮੀਨ ’ਤੇ ਹੋਏ ਨਾਜਾਇਜ਼ ਕਬਜ਼ਿਆ ਨੂੰ ਹਟਾ ਕੇ ਜ਼ਮੀਨ ਨੂੰ ਪ੍ਰਾਪਤ ਕੀਤਾ ਜਾਵੇਗਾ।

Advertisement

ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਸਾਲ 2002 ਵਿੱਚ ਸੈਕਟਰ 53, 54 ਅਤੇ 55 ਦੇ ਤੀਜੇ ਪੜਾਅ ਦੇ ਵਿਕਾਸ ਲਈ ਕੁੱਲ 227.22 ਏਕੜ ਜ਼ਮੀਨ ਐਕੁਆਇਰ ਕੀਤੀ ਸੀ। ਇਸ ਵਿੱਚ ਕਜਹੇੜੀ ਦੀ 114.43 ਏਕੜ, ਬਡਹੇੜੀ ਦੀ 69.79 ਏਕੜ ਅਤੇ ਪਲਸੌਰਾ ਦੀ 43 ਏਕੜ ਜ਼ਮੀਨ ਸ਼ਾਮਲ ਹਨ। ਪ੍ਰਸ਼ਾਸਨ ਨੇ ਅਸਲ ਜ਼ਮੀਨ ਮਾਲਕਾਂ ਨੂੰ ਮੁਆਵਜ਼ੇ ਦੇ ਨਾਲ-ਨਾਲ ਵਧਾਇਆ ਗਿਆ ਮੁਆਵਜ਼ਾ ਵੀ ਦਿੱਤਾ ਗਿਆ ਸੀ। ਸਾਰੀ ਜ਼ਮੀਨ ਐਕੁਆਇਰ ਕਰਨ ਦੇ ਬਾਵਜੂਦ ਮਾਰਕੀਟ ਵਿੱਚ 15 ਏਕੜ ਜ਼ਮੀਨ ’ਤੇ ਦੁਕਾਨਦਾਰਾਂ ਦਾ ਕਬਜ਼ਾ ਰਹਿ ਗਿਆ ਸੀ। ਪ੍ਰਸ਼ਾਸਨ ਨੇ 22 ਜੂਨ 2024 ਨੂੰ ਫਰਨੀਚਰ ਮਾਰਕੀਟ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਢਾਹ ਕੇ ਸਰਕਾਰੀ ਜ਼ਮੀਨ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਬਾਅਦ 30 ਜੂਨ 2024 ਨੂੰ ਗੈਰ-ਕਾਨੂੰਨੀ ਫਰਨੀਚਰ ਮਾਰਕੀਟ ਵਿੱਚ 29 ਦੁਕਾਨਾਂ ਢਾਹ ਦਿੱਤੀਆਂ ਗਈਆਂ ਸਨ ਅਤੇ ਬਾਕੀ ਰਹਿੰਦੀਆਂ 116 ਦੁਕਾਨਾਂ ਨੂੰ ਅੱਜ ਢਾਹ ਦਿੱਤਾ ਗਿਆ।

ਪ੍ਰਸ਼ਾਸਨ ਦੀ ਕਾਰਵਾਈ ਦੇਖ ਭਾਵੁਕ ਹੋਏ ਦੁਕਾਨਾਂ ਦੇ ਮਾਲਕ

ਯੂਟੀ ਪ੍ਰਸ਼ਾਸਨ ਵੱਲੋਂ ਫਰਨੀਚਰ ਮਾਰਕੀਟ ਨੂੰ ਢਾਹੁਣ ਲਈ ਕੀਤੀ ਗਈ ਕਾਰਵਾਈ ਦੌਰਾਨ ਸੈਂਕੜੇ ਦੀ ਗਿਣਤੀ ਵਿੱਚ ਪਰਿਵਾਰ ਉੱਥੇ ਭਾਵੁਕ ਹੋਏ ਦਿਖਾਈ ਦਿੱਤੇ। ਇਸ ਦੌਰਾਨ ਕਈ ਥਾਵਾਂ ’ਤੇ ਔਰਤਾਂ ਵੱਲੋਂ ਹੱਥ ਬੰਨ੍ਹ ਕੇ ਪ੍ਰਸ਼ਾਸਨ ਨੂੰ ਦੁਕਾਨਾਂ ਢਾਹੁਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਦੀ ਟੀਮ ਨੇ ਆਪਣੀ ਕਾਰਵਾਈ ਜਾਰੀ ਰੱਖੀ। ਫਰਨੀਚਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਭੰਡਾਰੀ ਦੇ ਭਰਾ ਰਾਜੀਵ ਭੰਡਾਰੀ ਨੇ ਕਿਹਾ ਕਿ ਉਹ 40 ਸਾਲਾਂ ਤੋਂ ਇੱਥੇ ਕਾਰੋਬਾਰ ਕਰ ਰਹੇ ਹਨ, ਜਿਸ ਨੂੰ ਪ੍ਰਸ਼ਾਸਨ ਨੇ ਉਜਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਿਕਾਸ ਦੇ ਨਾਮ ’ਤੇ ਸੈਂਕੜੇ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਦਾ ਕਾਰੋਬਾਰ ਠੱਪ ਕਰ ਦਿੱਤਾ ਹੈ।

ਕਾਂਗਰਸ ਵੱਲੋਂ ਪ੍ਰਸ਼ਾਸਨ ਦੀ ਕਾਰਵਾਈ ਦੀ ਨਿਖੇਧੀ

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਪ੍ਰਸ਼ਾਸਨ ਵੱਲੋਂ ਫਰਨੀਚਰ ਮਾਰਕੀਟ ’ਤੇ ਬੁਲਡੋਜ਼ਰ ਚਲਾਉਣ ਦੀ ਨਿਖੇਧੀ ਕੀਤੀ ਹੈ। ਇਸ ਕਾਰਵਾਈ ਦੇ ਨਾਲ ਸੈਂਕੜੇ ਦੁਕਾਨਾਂ ਵਿੱਚ ਕੰਮ ਕਰਦੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਪ੍ਰਸ਼ਾਸਨ ਨੂੰ ਇਨ੍ਹਾਂ ਦੁਕਾਨਾਂ ਨੂੰ ਹੋਰ ਥਾਂ ਅਲਾਟ ਕਰਨ ਦੇ ਨਿਰਦੇਸ਼ ਦਿੱਤੇ ਸਨ, ਪਰ ਪ੍ਰਸ਼ਾਸਨ ਨੇ ਸਾਰੀਆਂ ਦੁਕਾਨਾਂ ਢਾਹ ਦਿੱਤੀਆਂ ਹਨ। ਸ੍ਰੀ ਲੱਕੀ ਨੇ ਕਿਹਾ ਕਿ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਯੂਟੀ ਪ੍ਰਸ਼ਾਸਨ ਨੂੰ ਭਾਰੀ ਮਾਤਰਾ ਵਿੱਚ ਟੈਕਸਾਂ ਦਾ ਭੁਗਤਾਨ ਕੀਤਾ ਜਾਂਦਾ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਉਨ੍ਹਾਂ ’ਤੇ ਕਾਰਵਾਈ ਕਰ ਦਿੱਤੀ ਹੈ, ਜਿਸ ਨੂੰ ਕਦੇ ਵੀ ਬਰਾਦਸ਼ਤ ਨਹੀਂ ਕੀਤਾ ਜਾਵੇਗਾ।

‘ਆਪ’ ਵੱਲੋਂ ਪੁਨਰਵਾਸ ਯੋਜਨਾ ਐਲਾਨੇ ਜਾਣ ਦੀ ਮੰਗ

ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਪ੍ਰਧਾਨ ਵਿਜੈ ਪਾਲ ਸਿੰਘ ਨੇ ਸੈਕਟਰ 53-54 ਵਿੱਚ ਸਥਿਤ 40 ਸਾਲ ਪੁਰਾਣੀ ਫਰਨੀਚਰ ਮਾਰਕੀਟ ਢਾਹੁਣ ਦੀ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਪਹਿਲਾਂ ਬਿਨਾਂ ਪੁਨਰਵਾਸ ਝੁੱਗੀਆਂ ਹਟਾਈਆਂ, ਹੁਣ ਛੋਟੇ ਫਰਨੀਚਰ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਕਾਰਵਾਈ ਨਾਲ 100 ਤੋਂ ਵੱਧ ਦੁਕਾਨਦਾਰ ਪਰਿਵਾਰਾਂ ਦੀ ਰੋਜ਼ੀ-ਰੋਟੀ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਨੂੂੰ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਲਈ ਤੁਰੰਤ ਮੁਆਵਜ਼ਾ ਤੇ ਪੁਨਰਵਾਸ ਯੋਜਨਾ ਦਾ ਐਲਾਨ ਕਰਨਾ ਚਾਹੀਦਾ ਹੈ।

Advertisement
×