ਆਈ ਟੀ ਪਾਰਕ ’ਚ ਰਿਹਾਇਸ਼ੀ ਪਲਾਟ ਵੇਚਣ ਦੀ ਤਿਆਰੀ
ਯੂਟੀ ਪ੍ਰਸ਼ਾਸਨ ਨੇ ਆਈ ਟੀ ਪਾਰਕ ਵਿੱਚ ਖਾਲੀ ਪਈ ਥਾਂ ’ਤੇ ਰਿਹਾਇਸ਼ੀ ਪਲਾਟ ਕੱਟਣ ਦੇ ਪ੍ਰਾਜੈਕਟ ਨੂੰ ਰੱਦ ਕਰਨ ਤੋਂ ਦੋ ਸਾਲ ਬਾਅਦ ਮੁੜ ਪਲਾਟ ਵੇਚਣ ਦੀ ਤਿਆਰੀ ਵਿੱਢ ਦਿੱਤੀ ਹੈ। ਇਸ ਲਈ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ...
ਯੂਟੀ ਪ੍ਰਸ਼ਾਸਨ ਨੇ ਆਈ ਟੀ ਪਾਰਕ ਵਿੱਚ ਖਾਲੀ ਪਈ ਥਾਂ ’ਤੇ ਰਿਹਾਇਸ਼ੀ ਪਲਾਟ ਕੱਟਣ ਦੇ ਪ੍ਰਾਜੈਕਟ ਨੂੰ ਰੱਦ ਕਰਨ ਤੋਂ ਦੋ ਸਾਲ ਬਾਅਦ ਮੁੜ ਪਲਾਟ ਵੇਚਣ ਦੀ ਤਿਆਰੀ ਵਿੱਢ ਦਿੱਤੀ ਹੈ। ਇਸ ਲਈ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਯੂਟੀ ਦੇ ਮੁੱਖ ਆਰਕੀਟੈਕਟ ਨੂੰ ਸ਼ਹਿਰ ਵਿੱਚ ਹੋਰ ਸਮੂਹ ਰਿਹਾਇਸ਼ ਵਿਕਸਤ ਕਰਨ ਦੀ ਬਜਾਏ ਆਈ ਟੀ ਪਾਰਕ ਵਿੱਚ ਪਈ ਥਾਂ ’ਤੇ ਪਲਾਟ ਕੱਟ ਕੇ ਵੇਚਣ ਦੀ ਯੋਜਨਾ ਬਾਰੇ ਪੜਚੋਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਯੂਟੀ ਦੇ ਮੁੱਖ ਆਰਕੀਟੈਕਟ ਵੱਲੋਂ ਇਸ ਯੋਜਨਾ ਬਾਰੇ ਰਿਪੋਰਟ ਤਿਆਰ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਸਤੰਬਰ 2023 ਵਿੱਚ ਵਾਤਾਵਰਨ ਵਿਭਾਗ ਤੋਂ ਪ੍ਰਵਾਨਗੀ ਨਾ ਮਿਲਣ ਕਾਰਨ ਆਈ ਟੀ ਪਾਰਕ ਵਿੱਚ ਰਿਹਾਇਸ਼ੀ ਪਲਾਟ ਵੇਚਣ ਦੇ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਸੀ। ਇਹ ਰਿਹਾਇਸ਼ੀ ਪ੍ਰਾਜੈਕਟ 16.6 ਏਕੜ ਜ਼ਮੀਨ ’ਤੇ ਤਿਆਰ ਕੀਤਾ ਜਾਣਾ ਹੈ ਜਿਸ ਦੀ ਲਾਗਤ 643 ਕਰੋੜ ਰੁਪਏ ਸੀ, ਜਦੋਂ ਕਿ 6.73 ਏਕੜ ’ਤੇ ਸਰਕਾਰੀ ਫਲੈਟਾਂ ਦੀ ਯੋਜਨਾ ਤਿਆਰ ਕੀਤੀ ਗਈ ਸੀ। ਜਦੋਂ ਕਿ ਚੰਡੀਗੜ੍ਹ ਹਾਊਸਿੰਗ ਬੋਰਡ (ਸੀ ਐੱਚ ਬੀ) ਨੇ ਆਈ ਟੀ ਪਾਰਕ ਵਿੱਚ ਰਿਹਾਇਸ਼ੀ ਯੋਜਨਾ, ਇੱਕ ਪੰਜ-ਤਾਰਾ ਹੋਟਲ, ਇੱਕ ਹਸਪਤਾਲ ਅਤੇ ਇੱਕ ਸਕੂਲ ਦੇ ਵਿਕਾਸ ਲਈ 123 ਏਕੜ ਜ਼ਮੀਨ ਨਿਰਧਾਰਤ ਕੀਤੀ ਸੀ। ਦੂਜੇ ਪਾਸੇ ਯੂਟੀ ਪ੍ਰਸ਼ਾਸਕ ਨੇ ਮੁੱਖ ਆਰਕੀਟੈਕਟ ਨੂੰ ਸੈਕਟਰ 53 ਵਿੱਚ ਸੀ ਐੱਚ ਬੀ ਨੂੰ ਅਲਾਟ ਕੀਤੀ ਗਈ 8.97 ਏਕੜ ਜ਼ਮੀਨ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।

