DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਲਵਿਦਾ ਭੱਲਾ ਸਾਬ੍ਹ...

ਅਦਾਕਾਰ ਜਸਵਿੰਦਰ ਭੱਲਾ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ, ਸ਼ਨਿੱਚਰਵਾਰ ਨੂੰ ਬਲੌਂਗੀ ਦੇ ਸ਼ਮਸ਼ਾਨਘਾਟ ’ਚ ਹੋਵੇਗਾ ਸਸਕਾਰ
  • fb
  • twitter
  • whatsapp
  • whatsapp
Advertisement

ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ 65 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਪੰਜਾਬੀ ਮਨੋਰੰਜਨ ਜਗਤ ਸੋਗ ਵਿੱਚ ਹੈ। ਜਸਵਿੰਦਰ ਭੱਲਾ ਨੂੰ ਪੰਜਾਬੀ ਸਿਨੇਮਾ ਵਿੱਚ ਆਪਣੇ ਕਾਮੇਡੀ ਸੁਭਾਅ ਅਤੇ ਅਭੁੱਲ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਭੱਲਾ ਫਿਲਮ ਅਤੇ ਸਟੇਜ ਦੋਵਾਂ ਵਿੱਚ ਇੱਕ ਸਥਾਈ ਵਿਰਾਸਤ ਛੱਡ ਗਏ ਹਨ।

ਜਾਣਕਾਰੀ ਅਨੁਸਾਰ, ਭੱਲਾ ਨੇ ਵੀਰਵਾਰ ਤੜਕੇ ਚਾਰ ਵਜੇ ਦੇ ਕਰੀਬ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਬ੍ਰੇਨ ਸਟਰੋਕ ਨਾਲ ਹੋਈ ਦੱਸੀ ਜਾ ਰਹੀ ਹੈ।ਉਹ ਪਿਛਲੇ ਕੁਝ ਸਮੇਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਹਸਪਤਾਲ ਦੇ ਸੂਤਰਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਸੰਚਾਰ ਵਿਭਾਗ ਦੇ ਵਧੀਕ ਨਿਰਦੇਸ਼ਕ ਡਾ. ਟੀਐਸ ਰਿਆੜ ਨੇ ਪੁਸ਼ਟੀ ਕੀਤੀ ਹੈ ਕਿ ਜਸਵਿੰਦਰ ਭੱਲਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਡਾਕਟਰਾਂ ਦੀ ਨਿਗਰਾਨੀ ਵਿਚ ਸਨ।

Advertisement

ਉਨ੍ਹਾਂ ਦਾ ਅੰਤਿਮ ਸੰਸਕਾਰ  23 ਅਗਸਤ ਨੂੰ ਮੁਹਾਲੀ ਦੇ ਬਲੌਂਗੀ ਸਥਿਤ ਸ਼ਮਸ਼ਾਨਘਾਟ ਵਿਖੇ ਹੋਵੇਗਾ। ਜਸਵਿੰਦਰ ਭੱਲਾ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਪੁੱਤਰ ਪੁਖਰਾਜ ਭੱਲਾ ਤੇ ਧੀ ਅਰਸ਼ਦੀਪ ਕੌਰ ਹਨ। ਧੀ ਇਸ ਵੇਲੇ ਯੂਰੋਪ ਗਈ ਹੋਈ ਸੀ, ਜੋ ਉਥੋਂ ਵਾਪਸੀ ਲਈ ਰਵਾਨਾ ਹੋ ਗਏ ਹਨ। ਭੱਲਾ ਦੀ ਮ੍ਰਿਤਕ ਦੇਹ ਸ਼ਨਿੱਚਰਵਾਰ ਨੂੰ ਸਵੇਰੇ 9 ਵਜੇ ਤੋਂ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਮੁਹਾਲੀ ਦੇ ਫੇਜ਼ ਸੱਤ ਦੀ ਕੋਠੀ ਨੰਬਰ 3045 ਵਿਚ ਰੱਖੀ ਜਾਵੇਗੀ।

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਫੇਜ਼ ਸੱਤ ਵਿਖੇ ਜਸਵਿੰਦਰ ਭੱਲਾ ਦੇ ਘਰ ਮੌਜੂਦ ਬਾਲ ਮੁਕੰਦ ਸ਼ਰਮਾ ਨਾਲ ਦੁੱਖ ਵੰਡਾਉਂਦੇ ਹੋਏ।

ਇਸ ਦੌਰਾਨ ਭੱਲਾ ਦੇ ਮੁਹਾਲੀ ਦੇ ਫੇਜ਼ 7 ਸਥਿਤ ਘਰ ਵਿਚ ਫ਼ਿਲਮੀ ਹਸਤੀਆਂ ਤੇ ਸਿਆਸੀ ਹਸਤੀਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਹੌਲੀਵੁੱਡ ਤੇ ਪੌਲੀਵੁੱਡ ਦੇ ਕਈ ਕਲਾਕਾਰਾਂ ਨੇ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਇਆ ਹੈ।

ਭਾਵੇਂ ਸਟੇਜ ਹੋਵੇ, ਕਲਾਸਰੂਮ ਹੋਵੇ ਜਾਂ ਸਕਰੀਨ, ਜਸਵਿੰਦਰ ਭੱਲਾ ਨੇ ਇੱਕ ਅਮਿੱਟ ਛਾਪ ਛੱਡੀ ਜੋ ਪੀੜ੍ਹੀਆਂ ਤੱਕ ਯਾਦ ਰਹੇਗੀ। ਉਨ੍ਹਾਂ ਦਾ ਦੇਹਾਂਤ ਇੱਕ ਯੁੱਗ ਦੇ ਅੰਤ ਦੀ ਨਿਸ਼ਾਨਦੇਹੀ ਕਰਦਾ ਹੈ, ਪਰ ਉਨ੍ਹਾਂ ਦੀ ਵਿਰਾਸਤ ਹਾਸੇ, ਸਿੱਖਣ ਅਤੇ ਪਿਆਰ ਵਿੱਚ ਗੂੰਜਦੀ ਰਹੇਗੀ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ’ਤੇ ਇਕ ਪੋਸਟ ਵਿਚ ਪੌਲੀਵੁੱਡ ਅਦਾਕਾਰ ਜਸਵਿੰਦਰ ਭੱਲਾ ਦੇ ਦੇਹਾਂਤ ’ਤੇ ਅਫਸੋਸ ਜਤਾਇਆ ਹੈ। ਉਨ੍ਹਾਂ ਕਿਹਾ, ‘‘ਜਸਵਿੰਦਰ ਭੱਲਾ ਜੀ ਦੇ ਅਚਾਨਕ ਇਸ ਦੁਨੀਆਂ ਤੋਂ ਚਲੇ ਜਾਣਾ ਬੇਹੱਦ ਅਫ਼ਸੋਸਜਨਕ ਹੈ..ਛਣਕਾਟਿਆਂ ਦੀ ਛਣਕਾਰ ਬੰਦ ਹੋਣ ਤੇ ਮਨ ਉਦਾਸ ਹੈ..ਵਾਹਿਗੁਰੂ ਚਰਨਾਂ ਚ ਨਿਵਾਸ ਬਖਸ਼ਣ…ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਚ ਵਸਦੇ ਰਹਿਣਗੇ..।’’

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਭੱਲਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ 'ਐਕਸ' ਉੱਤੇ ਲਿਖਿਆ, "ਜਸਵਿੰਦਰ ਭੱਲਾ ਜੀ ਦੇ ਦੇਹਾਂਤ 'ਤੇ ਬਹੁਤ ਦੁੱਖ ਹੋਇਆ। ਉਹ ਪੂਰੀ ਦੁਨੀਆ ਵਿੱਚ ਇੱਕ ਮਾਣਮੱਤੇ ਪੰਜਾਬੀ ਵਜੋਂ ਜਾਣੇ ਜਾਂਦੇ ਸਨ। ਪੰਜਾਬੀ ਭਾਈਚਾਰੇ ਲਈ ਉਨ੍ਹਾਂ ਦੇ ਯੋਗਦਾਨ ਅਤੇ ਪਿਆਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀਆਂ ਦਿਲੋਂ ਸੰਵੇਦਨਾ।" ਇਸ ਦੌਰਾਨ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਭੱਲਾ ਦੀ ਮੌਤ 'ਤੇ ਦੁੱਖ ਜਤਾਇਆ ਹੈ।

Advertisement
×