ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜੁਗਾੜੂ ਰੇਹੜੀਆਂ ਅਤੇ ਮੋਡੀਫ਼ਾਈ ਵਾਹਨਾਂ ਪ੍ਰਤੀ ਢਿੱਲੀ ਕਾਰਵਾਈ ਖ਼ਿਲਾਫ਼ ਪਿਛਲੇ ਦਿਨੀਂ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਮਗਰੋਂ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਹੇਠਲੇ ਪੱਧਰ ਤੇ ਟਰੈਫ਼ਿਕ ਪੁਲੀਸ ਨੇ ਸਖ਼ਤੀ ਆਰੰਭ ਦਿੱਤੀ ਹੈ।
ਮੁਹਾਲੀ ਦੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਸਿੰਘ ਹਾਂਸ ਅਤੇ ਐੱਸ ਪੀ ਟਰੈਫ਼ਿਕ ਨਵਨੀਤ ਸਿੰਘ ਮਾਹਲ ਦੇ ਨਿਰਦੇਸ਼ਾਂ ’ਤੇ ਅੱਜ ਸ਼ਹਿਰ ਵਿੱਚ ਟਰੈਫ਼ਿਕ ਪੁਲੀਸ ਦੇ ਡੀ ਐੱਸ ਪੀ ਕਰਨੈਲ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤਹਿਤ ਵੱਖ-ਵੱਖ ਖੇਤਰਾਂ ਵਿੱਚ ਤਾਇਨਾਤ ਟਰੈਫ਼ਿਕ ਕਰਮਚਾਰੀਆਂ ਨੇ ਜੁਗਾੜੂ ਰੇਹੜੀਆਂ ਅਤੇ ਮੋਡੀਫ਼ਾਈ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਦਰਜਨ ਤੋਂ ਵੱਧ ਚਾਲਾਨ ਕੀਤੇ ਤੇ ਅੱਧੀ ਦਰਜਨ ਦੇ ਕਰੀਬ ਜੁਗਾੜੂ ਰੇਹੜੀਆਂ ਜ਼ਬਤ ਕੀਤੀਆਂ।
ਡੀ ਐੱਸ ਪੀ ਕਰਨੈਲ ਸਿੰਘ ਨੇ ਦੱਸਿਆ ਕਿ ਜੁਗਾੜੂ ਰੇਹੜੀਆਂ ਅਤੇ ਮੋਡੀਫਾਈ ਵਹੀਕਲਾਂ ਦੀ ਖਾਸ ਚੈਕਿੰਗ ਕੀਤੀ ਗਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਟਰੈਫਿਕ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਟਰੈਫਿਕ ਅਧਿਕਾਰੀਆਂ ਅਤੇ ਸਾਰੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਜੇ ਉਨ੍ਹਾਂ ਦੇ ਖੇਤਰ ਵਿੱਚ ਕੋਈ ਵਿਅਕਤੀ ਜੁਗਾੜੂ ਰੇਹੜੀ ਦੀ ਵਰਤੋਂ ਕਰਦਾ ਪਾਇਆ ਜਾਵੇ ਤਾਂ ਉਸ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ।
ਮੁਹਾਲੀ ਦੇ ਟਰੈਫ਼ਿਕ ਜ਼ੋਨ ਇੱਕ ਦੇ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਫੇਜ਼ ਤਿੰਨ-ਪੰਜ ਦੇ ਚੌਕ ਤੇ ਤਿੰਨ ਜੁਗਾੜੂ ਰੇਹੜੀਆਂ ਨੂੰ ਜ਼ਬਤ ਕੀਤਾ।

