DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਵਾਰਸ ਪਸ਼ੂਆਂ ਕਾਰਨ ਹਾਦਸੇ: 106 ਪੀੜਤਾਂ ਨੂੰ ਮਿਲੇਗਾ ਮੁਆਵਜ਼ਾ

ਮੁਆਵਜ਼ਾ ਕਮੇਟੀ ਨੇ 146 ਮਾਮਲਿਆਂ ਨੂੰ ਵਿਚਾਰ ਕੇ 106 ਨੂੰ ਦਿੱਤੀ ਹਰੀ ਝੰਡੀ
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 3 ਅਪਰੈਲ

Advertisement

ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਲਾਵਾਰਸ ਪਸ਼ੂਆਂ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਰੋਜ਼ਾਨਾ ਸ਼ਹਿਰ ਵਿੱਚ ਦੋ ਤੋਂ ਤਿੰਨ ਘਟਨਾਵਾਂ ਅਵਾਰਾ ਕੁੱਤਿਆਂ ਦੇ ਵੱਢਣ ਦੀਆਂ ਵਾਪਰ ਰਹੀਆਂ ਹਨ, ਪਰ ਹੁਣ ਯੂਟੀ ਪ੍ਰਸ਼ਾਸਨ ਵੱਲੋਂ ਅਵਾਰਾ ਪਸ਼ੂਆਂ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਅੱਜ ਵੀ ਚੰਡੀਗੜ੍ਹ ਵਿੱਚ ਅਵਾਰਾ ਪਸ਼ੂਆਂ ਕਰਕੇ ਵਾਪਰਨ ਵਾਲੀਆਂ ਘਟਨਾਵਾਂ ਦੇ ਪੀੜਤਾਂ ਨੂੂੰ ਮੁਆਵਜ਼ਾ ਦੇਣ ਲਈ ਬਣਾਈ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਅਵਾਰਾ ਜਾਨਵਰਾਂ ਕਾਰਨ ਵਾਪਰੀਆਂ ਘਟਨਾਵਾਂ ਦਾ ਸ਼ਿਕਾਰ ਹੋਏ 106 ਮਾਮਲਿਆਂ ਵਿੱਚ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਹ ਮੀਟਿੰਗ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ ਹੋਈ।

ਇਸ ਮੀਟਿੰਗ ਵਿੱਚ ਕਮੇਟੀ ਵੱਲੋਂ 146 ਮਾਮਲਿਆਂ ’ਤੇ ਵਿਚਾਰ-ਚਰਚਾ ਕੀਤੀ ਗਈ, ਜਿਸ ਵਿੱਚ 106 ਮਾਮਲਿਆਂ ਵਿੱਚ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਸਹਿਮਤੀ ਦੇ ਦਿੱਤੀ ਹੈ, ਜਦੋਂ ਕਿ ਬਾਕੀ ਰਹਿੰਦੇ ਮਾਮਲਿਆਂ ਨੂੰ ਅਗਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਵਾਰਾ ਜਾਨਵਰਾਂ ਦਾ ਸ਼ਿਕਾਰ ਵਿਅਕਤੀਆਂ ਨਾਲ ਸਬੰਧਤ ਮਾਮਲਿਆਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਅਵਾਰਾ ਪਸ਼ੂਆਂ ਕਰਕੇ ਵਾਪਰੇ ਹਾਦਸੇ ਵਿੱਚ ਵਿਅਕਤੀ ਦੀ ਮੌਤ ਹੋਣ ’ਤੇ ਪਰਿਵਾਰ ਨੂੰ 5 ਲੱਖ ਰੁਪਏ ਦਿੱਤੇ ਜਾਣਗੇ। ਇਸੇ ਤਰ੍ਹਾਂ ਹਾਦਸੇ ਕਰਕੇ ਅਪੰਗ ਵਿਅਕਤੀ ਨੂੰ 2 ਲੱਖ ਰੁਪਏ ਦਿੱਤੇ ਜਾਣਗੇ, ਜਦੋਂ ਕਿ ਸੱਟ ਵੱਜਣ ’ਤੇ ਕਮੇਟੀ ਵੱਲੋਂ ਮੁਆਵਜ਼ਾ ਰਾਸ਼ੀ ਤੈਅ ਕੀਤੀ ਜਾਵੇਗੀ। ਇਸੇ ਤਰ੍ਹਾਂ ਕੁੱਤੇ ਦੇ ਵੱਢਣ ਦੇ ਮਾਮਲਿਆਂ ਵਿੱਚ 10 ਹਜ਼ਾਰ ਰੁਪਏ ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਮੁਆਵਜ਼ਾ ਦਿੱਤਾ ਜਾਵੇਗਾ।ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ’ਤੇ ਚੰਡੀਗੜ੍ਹ ਵਿੱਚ ਵੀ ਅਵਾਰਾ ਪਸ਼ੂਆਂ ਕਰਕੇ ਵਾਪਰਨ ਵਾਲੀਆਂ ਘਟਨਾਵਾਂ ਦੇ ਪੀੜਤਾਂ ਨੂੰ ਮੁਆਵਜ਼ਾ ਤੈਅ ਕਰਨ ਲਈ ਕਮੇਟੀ ਬਣਾਈ ਸੀ, ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਕਰਦੇ ਹਨ।

ਡਿਪਟੀ ਮੇਅਰ ਨੇ ਅਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਪੱਤਰ ਲਿਖਿਆ

ਐਸ.ਏ.ਐਸ. ਨਗਰ (ਮੁਹਾਲੀ) ਪੱਤਰ ਪ੍ਰੇਰਕ: ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਗਮਾਡਾ ਖੇਤਰ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਲੋਕ ਡਾਢੇ ਦੁਖੀ ਹਨ। ਹੁਣ ਤੱਕ ਵੱਡੀ ਗਿਣਤੀ ਲੋਕ, ਬੱਚੇ ਅਤੇ ਔਰਤਾਂ ਅਵਾਰਾ ਕੁੱਤਿਆਂ ਦਾ ਸਿਕਾਰ ਹੋ ਚੁੱਕੇ ਹਨ। ਐਰੋਸਿਟੀ, ਆਈਟੀ ਸਿਟੀ, ਟੀਡੀਆਈ ਸੈਕਟਰ-116, 117, ਸੈਕਟਰ-82, 86, 88, 89, 90, 91, ਪਿੰਡ ਲਖਨੌਰ, ਲਾਂਡਰਾਂ, ਚੱਪੜਚਿੜੀ, ਰੁੜਕਾ, ਮਨੌਲੀ, ਕੰਬਾਲਾ, ਕੰਬਾਲੀ ਵਿੱਚ ਅਵਾਰਾ ਕੁੱਤਿਆਂ ਦੀ ਲਗਾਤਾਰ ਵਧ ਰਹੀ ਗਿਣਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਡਿਪਟੀ ਮੇਅਰ ਨੇ ਪੁੱਡਾ ਮੰਤਰੀ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਅਤੇ ਇਸ ਗੰਭੀਰ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ। ਕੁਲਜੀਤ ਬੇਦੀ ਨੇ ਦਾਅਵਾ ਕੀਤਾ ਕਿ ਉਪਰੋਕਤ ਖੇਤਰਾਂ ਵਿੱਚ ਨਸਬੰਦੀ ਅਤੇ ਪ੍ਰਬੰਧਾਂ ਦੀ ਘਾਟ ਕਾਰਨ ਅਵਾਰਾ ਕੁੱਤਿਆਂ ਦੀ ਗਿਣਤੀ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਹੈ, ਜਿਸ ਨਾਲ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ, ‘ਗਮਾਡਾ ਨਕਸ਼ੇ ਪਾਸ ਕਰਦਾ ਹੈ, ਫੀਸਾਂ ਵਸੂਲਦਾ ਹੈ ਪਰ ਇਨ੍ਹਾਂ ਇਲਾਕਿਆਂ ਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ। ਪਿਛਲੇ ਸਾਲਾਂ ਦੌਰਾਨ ਇੱਥੇ ਨਸਬੰਦੀ ਲਈ ਕੋਈ ਠੋਸ ਕਾਰਵਾਈ ਨਹੀਂ ਹੋਈ, ਜਿਸ ਨਾਲ ਬੱਚੇ, ਔਰਤਾਂ ਅਤੇ ਸੀਨੀਅਰ ਸਿਟੀਜ਼ਨ ਅਵਾਰਾ ਕੁੱਤਿਆਂ ਦੇ ਹਮਲਿਆਂ ਤੋਂ ਪ੍ਰੇਸ਼ਾਨ ਹਨ। ਇਹੀ ਨਹੀਂ ਅਵਾਰਾ ਕੁੱਤਿਆਂ ਕਾਰਨ ਸੜਕ ਹਾਦਸੇ ਵੀ ਵਾਪਰ ਰਹੇ ਹਨ। ਡਿਪਟੀ ਮੇਅਰ ਨੇ ਗਮਾਡਾ ਨੂੰ ਤੁਰੰਤ ਨਸਬੰਦੀ ਮੁਹਿੰਮ ਚਲਾਉਣ, ਕੁੱਤਿਆਂ ਲਈ ਸ਼ੈਲਟਰ ਹੋਮ ਬਣਾਉਣ ਅਤੇ ਨਿਗਰਾਨੀ ਟੀਮਾਂ ਤਾਇਨਾਤ ਕਰਨ ਦੀ ਮੰਗ ਕੀਤੀ ਹੈ।

Advertisement
×