ਡੇਰਾਬੱਸੀ ਵਿੱਚ ਲੋਕਾਂ ਦੀ ਲਾਪ੍ਰਵਾਹੀ ਸਦਕਾ ਹਾਦਸਾ ਟਲਿਆ
ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਦਸ ਮਿੰਟ ਰੁਕੀ ਰਹੀ ਵੰਦੇ ਮਾਤਰਮ; ਰਾਹਗੀਰਾਂ ਨੇ ਫਾਟਕ ਬੰਦ ਕਰਨ ਲਈ ਨਹੀਂ ਦਿੱਤਾ ਸਮਾਂ
ਅੰਬਾਲਾ ਕਾਲਕਾ ਰੇਲਵੇ ਲਾਈਨ ’ਤੇ ਅੱਜ ਦੁਪਹਿਰ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦ ਈਸਾਪੁਰ ਰੇਲਵੇ ਫਾਟਕ ’ਤੇ ਰਾਹਗੀਰਾਂ ਨੇ ਫਾਟਕ ਬੰਦ ਕਰਨ ਲਈ ਸਮਾਂ ਨਹੀਂ ਦਿੱਤਾ ਅਤੇ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਵੰਦੇ ਮਾਤਰਮ ਰੇਲ ਗੱਡੀ 10 ਮਿੰਟ ਰੁਕੀ ਰਹੀ ਤੇ ਫਾਟਕ ਬੰਦ ਹੋਣ ਦੀ ਉਡੀਕ ਕਰਦੀ ਰਹੀ। ਇਸ ਦੌਰਾਨ ਫਾਟਕ ਕਰਮੀ ਵੱਲੋਂ ਬੜੀ ਮੁਸ਼ਕਲ ਨਾਲ ਫਾਟਕ ਬੰਦ ਕੀਤਾ ਅਤੇ ਰੇਲ ਗੱਡੀ ਦਿੱਲੀ ਵਲ ਰਵਾਨਾ ਹੋਈ। ਜਦ ਰੇਲ ਗੱਡੀ ਫਾਟਕ ਕੋਲ ਆ ਕੇ ਰੁਕੀ ਹੋਈ ਸੀ ਉਸ ਵੇਲੇ ਤੱਕ ਲੋਕ ਆਪਣੇ ਵਾਹਨਾਂ ਨਾਲ ਫਾਟਕ ਪਾਰ ਕਰ ਰਹੇ ਸੀ। ਜਾਣਕਾਰੀ ਅਨੁਸਾਰ ਅੰਬਾਲਾ ਕਾਲਕਾ ਰੇਲਵੇ ਲਾਈਨ ’ਤੇ ਈਸਾਪੁਰ ਫਾਟਕ ਨੂੰ ਦਿਨ ਵਿੱਚ ਕਈ ਵਾਰ ਰੇਲ ਗੱਡੀ ਲੰਘਾਉਣ ਲਈ ਬੰਦ ਕੀਤਾ ਜਾਂਦਾ ਹੈ ਪਰ ਈਸਾਪੁਰ ਸੜਕ ’ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਅੱਜ ਫਾਟਕ ਬੰਦ ਨਾ ਹੋਣ ਕਾਰਨ ਤੇ ਰੇਲ ਗੱਡੀ ਨੂੰ ਸਿਗਨਲ ਨਾ ਮਿਲਣ ਕਾਰਨ ਉਹ ਫਾਟਕ ਦੇ ਨੇੜੇ ਆ ਕੇ ਰੁਕ ਗਈ ਪਰ ਉਸ ਵੇਲੇ ਤੱਕ ਲੋਕ ਫਾਟਕ ਨੂੰ ਪਾਰ ਹੀ ਕਰ ਰਹੇ ਸੀ। ਦਸ ਮਿੰਟ ਰੇਲ ਗੱਡੀ ਰੁਕਣ ਮਗਰੋਂ ਕਰਮੀ ਨੂੰ ਬੜੀ ਮੁਸ਼ਕਲ ਨਾਲ ਫਾਟਕ ਨੂੰ ਬੰਦ ਕੀਤਾ ਅਤੇ ਰੇਲ ਗੱਡੀ ਨੂੰ ਲੰਘਾਇਆ।
ਵਾਹਨ ਚਾਲਕਾਂ ਨੇ ਫਾਟਕ ਬੰਦ ਹੀ ਨਹੀਂ ਕਰਨ ਦਿੱਤਾ: ਫਾਟਕ ਕਰਮੀ
ਫਾਟਕ ਕਰਮੀ ਨੇ ਰਾਕੇਸ਼ ਨੇ ਦੱਸਿਆ ਕਿ ਉਹ ਰੇਲ ਗੱਡੀ ਆਉਣ ਤੋਂ ਕਰੀਬ ਪੰਦਰਾਂ ਮਿੰਟ ਪਹਿਲਾਂ ਹੀ ਫਾਟਕ ਬੰਦ ਕਰਨ ਵਿੱਚ ਜੁਟ ਗਿਆ ਸੀ ਪਰ ਬੈਰੀਕੇਡ ਹੇਠਾਂ ਸੁੱਟਣ ਲਈ ਲੋਕ ਸੜਕ ਕਲੀਅਰ ਨਹੀਂ ਕਰਦੇ। ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਉਸ ਵੱਲੋਂ ਅੱਧੇ ਬੈਰੀਕੇਡ ਹੇਠਾਂ ਸੁੱਟ ਦਿੱਤੇ ਗਏ ਪਰ ਲੋਕਾਂ ਨੇ ਆਪਣੇ ਵਾਹਨਾਂ ਦੀ ਲਾਈਨ ਹੀ ਨਹੀਂ ਤੋੜੀ ਜਿਸ ਕਾਰਨ ਉਹ ਫਾਟਕ ਬੰਦ ਕਰਨ ਵਿੱਚ ਨਾਕਾਮ ਰਿਹਾ। ਉਸਨੇ ਰੇਲ ਗੱਡੀ ਨੂੰ ਸਿਗਨਲ ਨਹੀਂ ਦਿੱਤਾ ਜਿਸ ਕਾਰਨ ਉਹ ਰੁਕ ਗਈ। ਉਸ ਨੇ ਕਿਹਾ ਕਿ ਇਥੇ ਫਾਟਕ ਬੰਦ ਕਰਨ ਲਈ ਪੁਲੀਸ ਕਰਮੀ ਦੀ ਲੋੜ ਰਹਿੰਦੀ ਹੈ ਤਾਂ ਜੋ ਬੰਦ ਕਰਨ ਤੋਂ ਪਹਿਲਾਂ ਆਵਾਜਾਈ ਨੂੰ ਰੋਕਿਆ ਜਾ ਸਕੇ।