DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏ ਬੀ ਵੀ ਪੀ ਦਾ ਗੌਰਵ ਵੀਰ ਪ੍ਰਧਾਨ ਅਤੇ ਸੱਥ ਦਾ ਅਸ਼ਮੀਤ ਬਣਿਆ ਮੀਤ ਪ੍ਰਧਾਨ

ਸਕੱਤਰ ਦੀ ਸੀਟ ‘ਸੋਪੂ’ ਦੇ ਅਭਿਸ਼ੇਕ ਡਾਗਰ ਅਤੇ ਸੰਯੁਕਤ ਸਕੱਤਰ ਦੀ ਸੀਟ ਅਜ਼ਾਦ ਉਮੀਦਵਾਰ ਮੋਹਿਤ ਮੰਡੇਰਾਣਾ ਨੇ ਜਿੱਤੀ
  • fb
  • twitter
  • whatsapp
  • whatsapp
featured-img featured-img
ਪ੍ਰਧਾਨਗੀ ਜਿੱਤਣ ਵਾਲਾ ਏ ਬੀ ਵੀ ਪੀ ਦਾ ਗੌਰਵ ਵੀਰ ਸਿੰਘ ਸਾਥੀਆਂ ਨਾਲ। -ਫੋਟੋ: ਰਵੀ ਕੁਮਾਰ
Advertisement

ਪੰਜਾਬ ਯੂਨੀਵਰਸਿਟੀ ਕੈਂਪਸ ’ਚ ਵਿਦਿਆਰਥੀ ਕੌਂਸਲ ਚੋਣਾਂ ਅੱਜ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਈਆਂ। ਕੈਂਪਸ ਦੇ ਵੱਖ-ਵੱਖ ਵਿਭਾਗਾਂ ਵਿੱਚ ਬਣਾਏ ਬੂਥਾਂ ’ਤੇ ਹੋਈ ਵੋਟਿੰਗ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਭਾਜਪਾ ਦੇ ਵਿਦਿਆਰਥੀ ਵਿੰਗ ਏ ਬੀ ਵੀ ਪੀ ਦਾ ਉਮੀਦਵਾਰ ਗੌਰਵ ਵੀਰ ਸੋਹਲ ਨੇ 3148 ਵੋਟਾਂ ਪ੍ਰਾਪਤ ਕਰਕੇ ਪ੍ਰਧਾਨਗੀ ਦੀ ਸੀਟ ’ਤੇ ਕਬਜ਼ਾ ਜਮਾਇਆ। ਦੱਸਣਯੋਗ ਹੈ ਕਿ ਪੀ ਯੂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਏ ਬੀ ਵੀ ਪੀ ਦਾ ਉਮੀਦਵਾਰ ਪ੍ਰਧਾਨਗੀ ਦੀ ਸੀਟ ’ਤੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਇਆ ਹੈ। ਇਸ ਤੋਂ ਇਲਾਵਾ ਮੀਤ ਪ੍ਰਧਾਨ ਦੀ ਸੀਟ ਭਾਈ ਜਸਵੰਤ ਸਿੰਘ ਖਾਲੜਾ ਮਿਸ਼ਨ ਲੈ ਕੇ ਚੱਲ ਰਹੀ ਜਥੇਬੰਦੀ ਸੱਥ ਦੇ ਉਮੀਦਵਾਰ ਅਸ਼ਮੀਤ ਸਿੰਘ ਨੇ 3478 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ, ਸਕੱਤਰ ਦੀ ਸੀਟ ਸੋਪੂ ਦੇ ਅਭਿਸ਼ੇਕ ਡਾਗਰ ਨੇ 3438 ਵੋਟਾਂ ਜਦਕਿ ਸੰਯੁਕਤ ਸਕੱਤਰ ਦੀ ਸੀਟ ਆਜ਼ਾਦ ਉਮੀਦਵਾਰ ਮੋਹਿਤ ਮੰਡੇਰਾਣਾ ਨੇ 3138 ਵੋਟਾਂ ਲੈ ਕੇ ਜਿੱਤੀ। ਪ੍ਰਧਾਨਗੀ ਦੀ ਸੀਟ ਦੇ ਹੋਰਨਾਂ ਉਮੀਦਵਾਰਾਂ ਵਿੱਚ ਅਰਦਾਸ ਕੌਰ ਨੂੰ 318 ਵੋਟਾਂ, ਜੋਬਨਪ੍ਰੀਤ ਸਿੰਘ ਨੂੰ 198, ਮਨਕੀਰਤ ਸਿੰਘ ਮਾਨ ਨੂੰ 1184, ਨਵਨੀਤ ਕੌਰ ਨੂੰ 136, ਪ੍ਰਭਜੋਤ ਸਿੰਘ ਗਿੱਲ ਨੂੰ 1359, ਸੀਰਤ ਨੂੰ 422, ਸੁਮਿਤ ਕੁਮਾਰ ਨੂੰ 2660 ਵੋਟਾਂ ਹੀ ਹਾਸਿਲ ਹੋ ਸਕੀਆਂ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਵਾਰ 1397 ਵਿਦਿਆਰਥੀਆਂ ਨੇ ਨੋਟਾ ਦਾ ਬਟਨ ਦਬਾ ਕੇ ਕਿਸੇ ਵੀ ਉਮੀਦਵਾਰ ਵਿੱਚ ਦਿਲਚਸਪੀ ਨਹੀਂ ਦਿਖਾਈ।

ਨਵ-ਨਿਯੁਕਤ ਪ੍ਰਧਾਨ ਗੌਰਵਵੀਰ ਸੋਹਲ ਨੇ ਕਿਹਾ ਕਿ ਉਸ ਦੀ ਇਹ ਜਿੱਤ ਪੰਜਾਬ ਯੂਨੀਵਰਸਿਟੀ ਦੇ ਹਰ ਉਸ ਵਿਦਿਆਰਥੀ ਦੀ ਜਿੱਤ ਹੈ। ਏ ਬੀ ਵੀ ਪੀ ਦੇ ਰਾਸ਼ਟਰੀ ਮਹਾਂਮੰਤਰੀ ਡਾ. ਵਿਰੇਂਦਰ ਸੋਲੰਕੀ ਨੇ ਕਿਹਾ ਕਿ ਅੱਜ ਪੰਜਾਬ ਯੂਨੀਵਰਸਿਟੀ ਨੇ ਇਤਿਹਾਸ ਰਚ ਦਿੱਤਾ ਹੈ। ਪੀ ਯੂ ਦੇ ਜ਼ਿਮਨੇਜ਼ੀਅਮ ਹਾਲ ਵਿੱਚ ਹੋਈ ਗਿਣਤੀ ਦੌਰਾਨ ਨਤੀਜਾ ਘੋਸ਼ਿਤ ਹੁੰਦਿਆਂ ਹੀ ਸਾਰੀਆਂ ਹੀ ਜੇਤੂ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ ਉਤੇ ਜਿੱਤ ਦੇ ਜਸ਼ਨ ਮਨਾਏ ਗਏ। ਢੋਲ ਦੀ ਥਾਪ ਉਤੇ ਭੰਗੜੇ ਪਾਏ ਗਏ।

Advertisement

Advertisement
×