ਚੰਡੀਗੜ੍ਹ ਦੀਆਂ ਸੜਕਾਂ ’ਤੇ ਉਤਰੀ ‘ਆਪ’
ਆਮ ਆਦਮੀ ਪਾਰਟੀ ਚੰਡੀਗੜ੍ਹ ਵੱਲੋਂ ਅੱਜ ਸਿਟੀ ਬਿਊਟੀਫੁੱਲ ਦੇ ਧਨਾਸ ਸਥਿਤ ਮਿਲਕ ਕਲੋਨੀ ਤੇ ਹੋਰਨਾਂ ਖੇਤਰਾਂ ਦੀਆਂ ਟੁੱਟੀਆਂ ਸੜਕਾਂ ਅਤੇ ਫੈਲੀ ਗੰਦਗੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ‘ਆਪ’ ਦੇ ਵਰਕਰਾਂ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਿਲਕ ਕਲੋਨੀ...
ਆਮ ਆਦਮੀ ਪਾਰਟੀ ਚੰਡੀਗੜ੍ਹ ਵੱਲੋਂ ਅੱਜ ਸਿਟੀ ਬਿਊਟੀਫੁੱਲ ਦੇ ਧਨਾਸ ਸਥਿਤ ਮਿਲਕ ਕਲੋਨੀ ਤੇ ਹੋਰਨਾਂ ਖੇਤਰਾਂ ਦੀਆਂ ਟੁੱਟੀਆਂ ਸੜਕਾਂ ਅਤੇ ਫੈਲੀ ਗੰਦਗੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ‘ਆਪ’ ਦੇ ਵਰਕਰਾਂ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਿਲਕ ਕਲੋਨੀ ਵਿੱਚ ਪੈਦਲ ਮਾਰਚ ਕੀਤਾ। ਇਸ ਦੇ ਨਾਲ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਯੂਟੀ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਚੰਡੀਗੜ੍ਹ ‘ਆਪ’ ਦੇ ਪ੍ਰਧਾਨ ਵਿਜੈਪਾਲ ਸਿੰਘ, ਜਨਰਲ ਸਕੱਤਰ ਓਂਕਾਰ ਸਿੰਘ ਔਲਖ, ਮੀਡੀਆ ਇੰਚਾਰਜ ਵਿਕਰਾਂਤ ਤੰਵਰ, ਪੀ.ਪੀ. ਘਈ, ਹਰਜਿੰਦਰ ਬਾਵਾ, ਕੌਂਸਲਰ ਜਸਬੀਰ ਸਿੰਘ ਲਾਡੀ, ਲਲਿਤ ਮੋਹਨ, ਦੇਸ ਰਾਜ ਸਣੇ ਇਲਾਕੇ ਦੇ ਲੋਕ ਵੀ ਮੌਜੂਦ ਰਹੇ। ਵਿਜੈਪਾਲ ਸਿੰਘ ਨੇ ਕਿਹਾ ਕਿ ਧਨਾਸ ਦੀ ਬਦਹਾਲ ਹਾਲਤ ਭਾਜਪਾ ਦੀ ਨਾਕਾਮੀ, ਭ੍ਰਿਸ਼ਟਾਚਾਰ ਤੇ ਅਹੰਕਾਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਂਸਲਰਾਂ ਨੇ ਪਹਿਲਾਂ ਵੀ ਨਿਗਮ ਹਾਊਸ ਵਿੱਚ ਸ਼ਹਿਰ ਦੀਆਂ ਖਸਤਾਹਾਲ ਸੜਕਾਂ ਦਾ ਮੁੱਦਾ ਚੁੱਕਿਆ ਸੀ। ਇਸ ਦੌਰਾਨ ਲੋਕਾਂ ਦੀ ਆਵਾਜ਼ ਚੁੱਕਣ ’ਤੇ ਭਾਜਪਾ ਦੇ ਮੇਅਰ ਵੱਲੋਂ ‘ਆਪ’ ਕੌਂਸਲਰਾਂ ਨੂੰ ਜਬਰੀ ਹਾਊਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਲੋਕਾਂ ਦੀ ਆਵਾਜ਼ ਚੁੱਕਣ ਵਾਲਿਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਬਾਅਦ ਵਿੱਚ ਲੋਕਾਂ ਨੂੂੰ ਨਰਕ ਭਰਿਆ ਜੀਵਨ ਜਿਊਣ ਲਈ ਮਜਬੂਰ ਕਰ ਦਿੱਤਾ। ‘ਆਪ’ ਆਗੂਆਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਹਰ ਮਹੀਨੇ ਨਿਗਮ ਦੀ ਜਨਰਲ ਹਾਊਸ ਦੀ ਮੀਟਿੰਗ ਹੋਣੀ ਚਾਹੀਦੀ ਹੈ, ਪਰ ਮੇਅਰ ਦੇ ਦੁਬਈ ਦੌਰੇ ਕਰਕੇ ਮੀਟਿੰਗ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਨਰਲ ਹਾਊਸ ਦੀ ਮੀਟਿੰਗ ਨਾ ਹੋਣ ਕਰਕੇ ਲੋਕ ਹਿੱਤ ਦੇ ਵਧੇਰੇ ਮਸਲੇ ਵਿਚਾਰਨੇ ਨਹੀਂ ਗਏ। ‘ਆਪ’ ਨੇ ਚਿਤਾਵਨੀ ਦਿੱਤੀ ਕਿ ਜੇ ਜਲਦ ਹੀ ਸੜਕਾਂ ਦੀ ਮੁਰੰਮਤ, ਸਫਾਈ ਤੇ ਬੁਨਿਆਦੀ ਸਹੂਲਤਾਂ ਦੀ ਬਹਾਲੀ ਨਹੀਂ ਕੀਤੀ ਗਈ ਤਾਂ ਪਾਰਟੀ ਸ਼ਹਿਰ ਦੇ ਹਰ ਵਾਰਡ ਵਿੱਚ ਵੱਡੇ ਪੱਧਰ ਦਾ ਅੰਦੋਲਨ ਸ਼ੁਰੂ ਕਰੇਗੀ।
ਮਿਲਕ ਕਲੋਨੀ ਦੀਆਂ ਸੜਕਾਂ ਲਈ ਟੈਂਡਰ ਹੋਏ ਅਲਾਟ: ਕੁਲਜੀਤ ਸੰਧੂ
ਚੰਡੀਗੜ੍ਹ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਇਲਾਕਾ ਕੌਂਸਲਰ ਕੁਲਜੀਤ ਸਿੰਘ ਸੰਧੂ ਨੇ ਕਿਹਾ ਕਿ ਮਿਲਕ ਕਲੋਨੀ ਧਨਾਸ ਦੀਆਂ ਸੜਕਾਂ ਦੀ ਮੁਰੰਮਤ ਅਤੇ ਨਵਿਆਉਣ ਲਈ 2.70 ਕਰੋੜ ਰੁਪਏ ਦੇ ਟੈਂਡਰ ਜਾਰੀ ਹੋ ਚੁੱਕੇ ਹਨ। ਇਸ ਦਾ ਕੰਮ ਅਗਲੇ ਹਫ਼ਤੇ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਲਈ ਅਤੇ ਮਨਜ਼ੂਰਸ਼ੁਦਾ ਕੰਮਾਂ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਸ੍ਰੀ ਸੰਧੂ ਨੇ ਕਿਹਾ ਕਿ ਲੋਕ ‘ਆਪ’ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਹਨ। ਲੋਕਾਂ ਨੂੰ ਪਤਾ ਹੈ ਕਿ ਸ਼ਹਿਰ ਦਾ ਵਿਕਾਸ ਭਾਜਪਾ ਦੇ ਰਾਜ ਵਿੱਚ ਹੀ ਹੋਇਆ ਹੈ।

