ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ 24 ਘੰਟੇ ਪਾਣੀ ਸਪਲਾਈ ਯਕੀਨੀ ਬਣਾਉਣ ਲਈ ਮਨੀਮਾਜਰਾ ਵਿੱਚੋਂ ਸ਼ੁਰੂ ਕੀਤੀ ਗਈ ਯੋਜਨਾ ਰਾਜਸੀ ਰੰਗਤ ਲੈਂਦੀ ਜਾ ਰਹੀ ਹੈ। ਅੱਜ ਆਮ ਆਦਮੀ ਪਾਰਟੀ (ਆਪ) ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਵਿਜੈਪਾਲ ਸਿੰਘ ਦੀ ਅਗਵਾਈ ਹੇਠ ‘ਆਪ’ ਆਗੂਆਂ ਦੇ ਹਫ਼ਦ ਨੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ। ‘ਆਪ’ ਆਗੂਆਂ ਨੇ ਮਨੀਮਾਜਰਾ ਵਿੱਚ ਸ਼ੁਰੂ ਕੀਤੇ 24 ਘੰਟੇ ਪਾਣੀ ਸਪਲਾਈ ਵਾਲੇ ਪ੍ਰਾਜੈਕਟ ਵਿੱਚ ਵੱਡਾ ਘੁਟਾਲਾ ਹੋਣ ਦੇ ਦੋਸ਼ ਲਗਾਏ। ਇਸ ਦੇ ਨਾਲ ਹੀ 24 ਘੰਟੇ ਪਾਣੀ ਸਪਲਾਈ ਕਰਨ ਵਾਲੇ ਪ੍ਰਾਜੈਕਟ ਦੀ ਸੀਬੀਆਈ ਜਾਂ ਕਿਸੇ ਸੀਨੀਅਰ ਜੱਜ ਦੀ ਅਗਵਾਈ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ। ਵਿਜੈਪਾਲ ਸਿੰਘ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ 24 ਘੰਟੇ ਪਾਣੀ ਸਪਲਾਈ ਦੇ ਪ੍ਰਾਜੈਕਟ ’ਤੇ 75 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ, ਜਿਸ ਨਾਲ ਇਸ ਘੁਟਾਲੇ ਦੇ ਪਿੱਛੇ ਸ਼ਾਮਲ ਵਿਅਕਤੀਆਂ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਸੀ ਪਰ ਵਿਜੀਲੈਂਸ ਦੀ ਜਾਂਚ ’ਤੇ ਭਰੋਸਾ ਨਹੀਂ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਪਹਿਲਾਂ ਹੀ ਨਿਗਮ ਦੇ ਜਨਰਲ ਹਾਊਸ ਵਿੱਚ ਰੱਖ ਚੁੱਕੇ ਹਨ।
ਕਾਂਗਰਸੀ ਕੌਂਸਲਰ ਗਾਬੀ ਵੱਲੋਂ ਭਾਜਪਾ ਦਾ ਘਿਰਾਓ
ਚੰਡੀਗੜ੍ਹ (ਪੱਤਰ ਪ੍ਰੇਰਕ): ਨਗਰ ਨਿਗਮ ਦੇ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਚੰਡੀਗੜ੍ਹ ਦੇ ਬਹੁ-ਚਰਚਿਤ 24 ਘੰਟੇ ਜਲ ਸਪਲਾਈ ਪ੍ਰੋਜੈਕਟ ਦੀ ਵਿਜੀਲੈਂਸ ਜਾਂਚ ਨੂੰ ਲੈ ਕੇ ਭਾਜਪਾ ਅਤੇ ਨਗਰ ਨਿਗਮ ਪ੍ਰਸ਼ਾਸਨ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਖੁਦ ਸਵੀਕਾਰ ਕਰ ਚੁੱਕੀ ਹੈ ਕਿ ਇਸ ਪ੍ਰਾਜੈਕਟ ਵਿੱਚ ਘਪਲਾ ਹੋਇਆ ਹੈ ਜੋ ਕਿ ਭਾਜਪਾਈ ਮੇਅਰ ਦੇ ਹੀ ਕਾਰਜਕਾਲ ਦੌਰਾਨ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਦੇ ਪ੍ਰਧਾਨ ਵੱਲੋਂ ਭਾਵੇਂ ਵਿਜੀਲੈਂਸ ਦੀ ਜਾਂਚ ਮੰਗੀ ਗਈ ਹੈ ਪਪਰ ਕਾਂਗਰਸੀ ਕੌਂਸਲਰਾਂ ਦੀ ਮੰਗ ਹੈ ਕਿ ਇਸ ਬਹੁਕਰੋੜੀ ਪ੍ਰਾਜੈਕਟ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ।