‘ਆਪ’ ਨੇ ਬਿਨਾਂ ਰਿਸ਼ਵਤ ਰੁਜ਼ਗਾਰ ਦਿੱਤਾ: ਢਿੱਲੋਂ
ਫ਼ਤਹਿਗੜ੍ਹ ਸਾਹਿਬ: ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿੱਚ ਆਕਸ਼ਨ ਰਿਕਾਰਡਰ ਦੀ ਅਸਾਮੀ ਲਈ ਹਰਮਨਜੋਤ ਕੌਰ ਨੂੰ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਸਕੱਤਰ ਹਰਿੰਦਰ ਸਿੰਘ ਗਿੱਲ ਵੱਲੋਂ ਨਿਯੁਕਤੀ ਪੱਤਰ ਦਿਤਾ ਗਿਆ। ਇਸ ਮੌਕੇ ਅਕਾਊਂਟੈਂਟ ਗੁਰਮੇਲ ਸਿੰਘ ਅਤੇ ‘ਆਪ’ ਦੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ ਹਾਜ਼ਰ ਸਨ। ਸ੍ਰੀ ਢਿੱਲੋਂ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਬਿਨਾਂ ਭ੍ਰਿਸ਼ਟਾਚਾਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਲੜਕੀ ਵੀ ਨਿਯੁਕਤੀ ਲਈ ਯੋਗ ਪਾਈ ਗਈ ਜਿਸ ਦੇ ਆਧਾਰ ’ਤੇ ਉਸ ਦੀ ਚੋਣ ਕੀਤੀ ਗਈ। ਸ੍ਰੀ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰੀ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਘਰ ਵਿੱਚੋਂ ਕੂੜਾ ਇਕੱਠਾ ਨਾ ਹੋਣ ਕਾਰਨ ਪ੍ਰੇਸ਼ਾਨੀ
ਪੰਚਕੂਲਾ: ਕਾਲਕਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇੱਕ ਮਹੀਨੇ ਤੋਂ ਘਰ-ਘਰ ਕੂੜਾ ਇਕੱਠਾ ਕਰਨ ਦੀ ਸਹੂਲਤ ਉਪਲਬਧ ਨਹੀਂ ਹੈ। ਹਾਲਾਂਕਿ, ਨਗਰ ਪੰਚਾਇਤ ਵਿੱਚ ਬੈਠੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰ-ਘਰ ਕੂੜਾ ਇਕੱਠਾ ਕਰਨ ਵਾਲੀ ਏਜੰਸੀ ਕੁਝ ਥਾਵਾਂ ’ਤੇ ਵਾਹਨ ਭੇਜ ਰਹੀ ਹੈ। ਕੁਝ ਕੌਂਸਲਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਾਰਡ ਵਿੱਚ ਇੱਕ ਮਹੀਨੇ ਤੋਂ ਕੂੜਾ ਇਕੱਠਾ ਨਹੀਂ ਹੋ ਰਿਹਾ। ਕਿਹਾ ਜਾ ਰਿਹਾ ਹੈ ਜਦੋਂ ਤੋਂ ਨਵੀਂ ਏਜੰਸੀ ਆਈ ਹੈ, ਉਨ੍ਹਾਂ ਨੂੰ ਖ਼ੁਦ ਨਹੀਂ ਪਤਾ ਕਿ ਕਦੋਂ ਅਤੇ ਕਿਹੜਾ ਵਾਹਨ ਵਾਰਡ ਵਿੱਚ ਕੂੜਾ ਇਕੱਠਾ ਕਰਨ ਲਈ ਆ ਰਿਹਾ ਹੈ। ਸ਼ਹਿਰ ਵਿੱਚ ਕਈ ਗਲੀਆਂ ਤੰਗ ਹੋਣ ਕਾਰਨ, ਉੱਥੇ ਸਿਰਫ਼ ਫੇਰੀਆਂ ਵਾਲਿਆਂ ਰਾਹੀਂ ਕੰਮ ਹੁੰਦਾ ਹੈ। -ਪੱਤਰ ਪ੍ਰੇਰਕ
ਦੇਸ਼ ਭਗਤ ’ਵਰਸਿਟੀ ਦੀ ਵਿਦਿਆਰਥਣ ਨੇ ਸੋਨ ਤਗ਼ਮਾ ਜਿੱਤਿਆ
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਦੀ ਵਿਦਿਆਰਥਣ ਵਰਸ਼ਾ ਨੇ ‘ਖੇਲੋ ਇੰਡੀਆ ਬੀਚ ਗੇਮਜ਼-2025’ ਵਿੱਚ ਪੇਨਕਾਕ ਸਿਲਾਟ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਚਾਂਸਲਰ ਦੇ ਸਲਾਹਕਾਰ ਡਾ. ਵਰਿੰਦਰ ਸਿੰਘ ਨੇ ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਇਸ ਸੁਨਹਿਰੇ ਪਲ ਦਾ ਜਸ਼ਨ ਮਨਾਉਂਦੀ ਹੋਈ ਆਪਣੇ ਵਿਦਿਆਰਥੀਆਂ ਤੋਂ ਇਸ ਤਰ੍ਹਾਂ ਦੀਆਂ ਹੋਰ ਜਿੱਤਾਂ ਦੀ ਉਮੀਦ ਕਰਦੀ ਹੈ। -ਨਿੱਜੀ ਪੱਤਰ ਪ੍ਰੇਰਕ
ਮੋਹਰੀ ਵਿਦਿਆਰਥੀਆਂ ਦਾ ਸਨਮਾਨ
ਚੰਡੀਗੜ੍ਹ: ਇੱਥੋਂ ਦੇ ਡੀਏਵੀ ਮਾਡਲ ਸਕੂਲ, ਸੈਕਟਰ 15-ਏ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਸਮਾਗਮ ਕੀਤਾ ਗਿਆ। ਇਸ ਮੌਕੇ ਸੀਬੀਐੱਸਈ ਬੋਰਡ ਪ੍ਰੀਖਿਆ ਵਿੱਚ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਅਨੁਜਾ ਸ਼ਰਮਾ ਅਤੇ ਵਾਈਸ ਚੇਅਰਮੈਨ ਆਰਸੀ ਜੀਵਨ ਨੇ ਵਿਦਿਆਰਥੀਆਂ ਦੀ ਉਨ੍ਹਾਂ ਦੀ ਸ਼ਾਨਦਾਰ ਸਫ਼ਲਤਾ ਲਈ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਗਏ। -ਟਨਸ
ਬੀਕੇਯੂ ਕਾਦੀਆਂ ਦੀ ਜੀਐਮ ਸ਼ੂਗਰ ਮਿੱਲ ਮੋਰਿੰਡਾ ਨਾਲ ਮੀਟਿੰਗ
ਮੋਰਿੰਡਾ: ਬੀਕੇਯੂ ਕਾਦੀਆਂ ਦੀ ਟੀਮ ਨੇ ਕਿਸਾਨੀ ਮੰਗਾਂ ਅਤੇ ਸਮੱਸਿਆਵਾਂ ਬਾਰੇ ਸ਼ੂਗਰ ਮਿੱਲ ਮੋਰਿਡਾ ਦੀ ਮੈਨੇਜਮੈਂਟ ਨਾਲ ਮੀਟਿੰਗ ਕੀਤੀ। ਕਿਸਾਨ ਆਗੂਆਂ ਨੇ ਮਿੱਲ ਦੇ ਜਨਰਲ ਮੈਨੇਜਰ ਤਰੁਨਵੀਰ ਸਿੰਘ ਨਾਲ ਕਿਸਾਨੀ ਮਸਲਿਆਂ ਸਬੰਧੀ ਚਰਚਾ ਕੀਤੀ। ਬਲਾਕ ਪ੍ਰਧਾਨ ਅਮਰਜੀਤ ਸਿੰਘ ਸੋਹੀ ਕਕਰਾਲੀ ਨੇ ਦੱਸਿਆ ਕਿ ਮਿੱਲ ਮੈਨੇਜਮੈਂਟ ਨਾਲ ਕਿਸਾਨਾਂ ਦੇ ਗੰਨੇ ਦੇ ਪਿਛਲੇ ਸੀਜ਼ਨ ਦੀ ਰਹਿੰਦੀ ਅਦਾਇਗੀ ਲਗਪਗ 21 ਕਰੋੜ ਰੁਪਏ ਅਤੇ ਆਉਣ ਵਾਲੇ ਸੀਜ਼ਨ ਲਈ ਮਿਲ ਦੀ ਮੁਰੰਮਤ ਦੇ ਸਬੰਧ ਵਿੱਚ ਵਿਚਾਰਾਂ ਕੀਤੀਆਂ। ਜਨਰਲ ਮੈਨੇਜਰ ਤਰੁਨਵੀਰ ਸਿੰਘ ਵੱਲੋ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨਾ ਵੱਲੋ ਉਠਾਏ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ ਤੇ ਬਕਾਏ ਦੀ ਅਦਾਇਗੀ ਲਈ ਕੇਸ ਸ਼ੂਗਰਫੈੱਡ ਨੂੰ ਭੇਜਿਆ ਜਾਵੇਗਾ। ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਤਲਵਿੰਦਰ ਸਿੰਘ ਗੱਗੋਂ, ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਡਾਲੀ ਆਦਿ ਹਾਜ਼ਰ ਹੋਏ। -ਪੱਤਰ ਪ੍ਰੇਰਕ
ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ
ਐੱਸਏਐੱਸ ਨਗਰ(ਮੁਹਾਲੀ): ਪੰਜਾਬ ਐਂਡ ਸਿੰਧ ਬੈਂਕ ਦੀ ਸਨੇਟਾ ਬਰਾਂਚ ਵੱਲੋਂ ਅੱਜ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਅਤੇ ਛੋਲਿਆਂ ਦਾ ਲੰਗਰ ਲਗਾਇਆ ਗਿਆ। ਬੈਂਕ ਬਰਾਂਚ ਦੇ ਸਾਹਮਣੇ ਕੌਮੀ ਮਾਰਗ ਉੱਤੇ ਲਗਾਈ ਛਬੀਲ ਵਿਚ ਵੱਡੀ ਗਿਣਤੀ ਵਿਚ ਰਾਹਗੀਰਾਂ ਨੇ ਜਲ ਛਕਿਆ। ਇਸ ਮੌਕੇ ਬੈਂਕ ਮੈਨੇਜਰ ਪੂਰਨਿਮਾ ਗੌਤਮ, ਜਯੋਤੀ ਵਰਮਾ, ਸਨਪ੍ਰੀਤ ਕੌਰ, ਤਰਨਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਕਮਲਜੀਤ ਸਿੰਘ, ਗੁਰਮੀਤ ਕੌਰ ਨੇ ਛਬੀਲ ’ਚ ਸੇਵਾ ਕੀਤੀ। ਲੇਖਾਕਾਰ ਸਨਪ੍ਰੀਤ ਕੌਰ ਨੇ ਦੱਸਿਆ ਕਿ ਬੈਂਕ ਵੱਲੋਂ ਚੌਥੀ ਛਬੀਲ ਲਾਈ ਗਈ ਸੀ। -ਖੇਤਰੀ ਪ੍ਰਤੀਨਿਧ
‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਕੈਂਪ 10 ਤੋਂ
ਖਰੜ: ਪੰਜਾਬ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਵਿੱਚ 10 ਜੂਨ ਨੂੰ ਅਕਾਲਗੜ੍ਹ, 20 ਨੂੰ ਰੰਗੀਆਂ ਅਤੇ 27 ਜੂਨ ਨੂੰ ਮਜਾਤੜੀ ਵਿੱਚ ਕੈਂਪ ਲਗਾਏ ਜਾਣਗੇ। ਖਰੜ ਸਬ-ਡਿਵੀਜ਼ਨ ਦੇ ਐੱਸਡੀਐੱਮ ਦਿਵਿਆ ਪੀ ਨੇ ਲੋਕ ਆਪਣੀਆਂ ਲੈ ਕੇ ਇਨ੍ਹਾਂ ਕੈਂਪਾਂ ਵਿੱਚ ਆ ਸਕਦੇ ਹਨ। -ਪੱਤਰ ਪ੍ਰੇਰਕ