ਭਾਰਤ-ਪਾਕਿ ਵਿਚਾਲੇ ਮੈਚ ਕਰਾਉਣ ਵਿਰੁੱਧ ਮੁਜ਼ਾਹਰਾ
ਆਮ ਆਦਮੀ ਪਾਰਟੀ (ਆਪ) ਨੇ ਅੱਜ ਸੈਕਟਰ-16 ਸਥਿਤ ਕ੍ਰਿਕੇਟ ਸਟੇਡੀਅਮ ਦੇ ਬਾਹਰ ਭਾਰਤ-ਪਾਕਿਸਤਾਨ ਦੇ ਮੈਚ ਸਬੰਧੀ ਭਾਜਪਾ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੇਸ਼ ਵਿੱਚੋਂ ਅਤਿਵਾਦ ਦਾ ਖਾਤਮਾ ਹੋਣ ਤੱਕ ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਇਸ ਦੌਰਾਨ ਚੰਡੀਗੜ੍ਹ ‘ਆਪ’ ਦੇ ਸਕੱਤਰ ਲਲਿਤ ਮੋਹਨ ਕਿਹਾ ਕਿ ਅਤਿਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਦੋ ਦਰਜਨ ਤੋਂ ਵੱਧ ਨਿਰਦੋਸ਼ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਇਸ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਨਾਲ ਭਾਰਤ ਵਿੱਚ ਮੈਚ ਖੇਡਣ ਦੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਵਿਚਕਾਰ ਮੈਚ ਪਹਿਲਗਾਮ ਹਮਲੇ ਦੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੋਵੇਗਾ। ‘ਆਪ’ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਲਾਡੀ ਨੇ ਕਿਹਾ ਕਿ ਦੇਸ਼ ਦੇ ਲੋਕ ਪੁਲਵਾਮਾ ਹਮਲਾ ਤੇ ਪਹਿਲਗਾਮ ਹਮਲੇ ਨੂੰ ਹਾਲੇ ਤੱਕ ਭੁਲਾ ਨਹੀਂ ਸਕੇ ਹਨ। ਇਸ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਨਾਲ ਭਾਰਤ ਦੀ ਧਰਤੀ ’ਤੇ ਕ੍ਰਿਕੇਟ ਮੈਚ ਖੇਡਿਆ ਜਾ ਰਿਹਾ ਹੈ। ਸਨੀ ਔਲਖ ਨੇ ਕਿਹਾ ਕਿ ‘ਆਪ’ ਭਾਰਤ ਦੀ ਧਰਤੀ ’ਤੇ ਭਾਰਤ-ਪਾਕਿਸਤਾਨ ਦੇ ਮੈਚ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਰਤ ਦੀ ਧਰਤੀ ਤੋਂ ਅਤਿਵਾਦ ਦਾ ਸਫਾਇਆ ਨਹੀਂ ਹੁੰਦਾ ਹੈ, ਉੱਦੋਂ ਤੱਕ ਪਾਕਿਸਤਾਨ ਨਾਲ ਹਰ ਕਿਸਮ ਦੇ ਸਬੰਧਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਭਾਰਤ-ਪਾਕਿਸਤਾਨ ਦੇ ਮੈਚ ਨੂੰ ਰੱਦ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।