‘ਆਪ’ ਨੇ 12000 ਕਰੋੜ ਦੇ SDRF ਫੰਡਾਂ ਦੀ ਦੁਰਵਰਤੋਂ ਕੀਤੀ: ਅਮਰਿੰਦਰ ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਲਈ 1,600 ਕਰੋੜ ਦੇ ਇਸ ਪੈਕੇਜ ਨੂੰ ‘ਬਹੁਤ ਹੀ ਮਾਮੂਲੀ’ ਕਰਾਰ ਦਿੰਦੇ ਹੋਏ ਇਸ ਨੂੰ ‘ਸਮੁੰਦਰ ਵਿੱਚ ਇੱਕ ਬੂੰਦ’ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਤੋਂ ਬਹੁਤ ਉਮੀਦਾਂ ਸਨ, ਪਰ ਉਨ੍ਹਾਂ ਨੇ ਸਾਰਿਆਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ।
ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਨੇ 12,000 ਕਰੋੜ ਰੁਪਏ ਦੇ ਰਾਜ ਆਫ਼ਤ ਰਾਹਤ ਫੰਡ (ਐਸਡੀਆਰਐਫ) ਨੂੰ ਹੜੱਪ ਲਿਆ ਹੈ। SDRF ਫੰਡਾਂ ਦੀ ਸਥਿਤੀ ਬਾਰੇ ‘ਆਪ’ ਸਰਕਾਰ ਦੀ ਜਵਾਬਦੇਹੀ ਨਿਰਧਾਰਿਤ ਕੀਤੇ ਜਾਣ ਦੀ ਮੰਗ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਨੇ ਫੰਡਾਂ ਦੀ ਵਰਤੋਂ ਕਿਤੇ ਹੋਰ ਕੀਤੀ ਹੈ ਅਤੇ ਹੜ੍ਹ ਪ੍ਰਭਾਵਿਤ ਪੀੜਤਾਂ ਨੂੰ ਨਿਰਾਸ਼ਾ ਵਿੱਚ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫੰਡਾਂ ਨੂੰ ਡਾਇਵਰਟ ਕਰਨ ਲਈ ਸੂਬਾ ਸਰਕਾਰ ਵਿਰੁੱਧ ਅਪਰਾਧਿਕ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਵੜਿੰਗ ਨੇ ਕਿਹਾ ਕਿ 12,000 ਕਰੋੜ ਰੁਪਏ ਦੀ ਐੱਸਡੀਆਰਐੱਫ ਪਿਛਲੇ ਸਾਲਾਂ ਦੌਰਾਨ ਇਕੱਠੀ ਹੋ ਗਈ ਸੀ ਅਤੇ ਸੂਬਾ ਸਰਕਾਰ ਕੋਲ ਉਪਲਬਧ ਸੀ। ਉਨ੍ਹਾਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ 'ਆਪ' ਦੋਵਾਂ 'ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦੋਸ਼ ਲਗਾਇਆ, ‘‘ਨਾ ਸਿਰਫ਼ ਫੰਡ ਹੜੱਪੇ ਗਏ ਹਨ, ਸਗੋਂ ਦਰਿਆਵਾਂ ਵਿੱਚ ਲਾਪਰਵਾਹੀ ਅਤੇ ਡੂੰਘੀ ਖੁਦਾਈ ਨੇ ਉਨ੍ਹਾਂ ਦੇ ਕੁਦਰਤੀ ਵਹਾਅ ਨੂੰ ਵੀ ਬਦਲ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਕਈ ਏਕੜ ਖੇਤੀਬਾੜੀ ਜ਼ਮੀਨ ਡੁੱਬ ਗਈ ਹੈ।’’
ਵੜਿੰਗ ਨੇ ਕਿਹਾ ਕਿ ਭਾਵੇਂ ਮੌਸਮ ਸਾਫ਼ ਹੋਣ ਕਰਕੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਸੀ, ਪਰ ਇਸ ਗੱਲ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਕਿ ਡੈਮਾਂ ਵਿੱਚ ਪਾਣੀ ਰੋਕਣ ਅਤੇ ਫਿਰ ਅਚਾਨਕ ਛੱਡਣ ਲਈ ਕੌਣ ਜ਼ਿੰਮੇਵਾਰ ਸੀ।