ਨੀਲੇ ਕਾਰਡ ਦੇ ਕੱਟਣ ਬਾਰੇ ‘ਆਪ’ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ: ਗੁਰੂ
ਦਰਬਾਰਾ ਸਿੰਘ ਗੁਰੂ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਬਸੀ ਪਠਾਣਾਂ ਨੇ ਅਕਾਲੀ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨੀਲੇ ਕਾਰਡਾਂ ਦੇ ਕੱਟਣ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜਿਸ ਦੀ ਮਾਰ ਗਰੀਬ ਵਰਗ ਨੂੰ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਇਹ ਪ੍ਰਚਾਰ ਕਰਨਾ ਕਿ ਗਰੀਬਾਂ ਦਾ ਇੱਕ ਵੀ ਕਾਰਡ ਨਹੀਂ ਕੱਟਣ ਦਿੱਤਾ ਜਾਵੇਗਾ ਕੋਰੀ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਕਾਰਡ ਧਾਰਕਾਂ ਦੀ ਕੇ ਵਾਈ ਸੀ ਕਰਾਉਣਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਸ ਨੂੰ ਪੂਰਾ ਕਰਨ ’ਚ ਆਮ ਆਦਮੀ ਪਾਰਟੀ ਸਰਕਾਰ ਅਸਫਲ ਰਹੀ ਹੈ ਅਤੇ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਮੌਕੇ ਸਟੇਟ ਡੈਲੀਗੇਟ ਡਾ. ਜਗਦੀਪ ਸਿੰਘ ਰਾਣਾ , ਮੀਤ ਪ੍ਰਧਾਨ ਨਗਰ ਕੌਂਸਲ ਖਮਾਣੋਂ ਰਾਜੀਵ ਅਹੂਜਾ, ਸਰਕਲ ਪ੍ਰਧਾਨ ਮਨਪ੍ਰੀਤ ਸਿੰਘ ਮੰਪੀ , ਬਹਾਦਰ ਸਿੰਘ , ਤ੍ਰਿਲੋਚਨ ਸਿੰਘ ਨੰਬਰਦਾਰ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।