‘ਆਪ’ ਨੇ ਹਸਪਤਾਲ ਪ੍ਰਬੰਧਾਂ ’ਚ ਸੁਧਾਰ ਕੀਤਾ: ਚਰਨਜੀਤ ਸਿੰਘ
ਚਮਕੌਰ ਸਾਹਿਬ: ਵਿਧਾਇਕ ਡਾ. ਚਰਨਜੀਤ ਸਿੰਘ ਨੇ ਇੱਥੋਂ ਦੇ ਸਬ-ਡਿਵੀਜ਼ਨਲ ਹਸਪਤਾਲ ਦਾ ਦੌਰਾ ਕਰਦਿਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿੱਚ ਦਾਖ਼ਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਕ੍ਰਾਂਤੀ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬੁਨਿਆਦੀ ਢਾਂਚੇ ਦਾ ਸੁਧਾਰ ਕਰਨ ਦੇ ਨਾਲ ਹੋਰ ਲੋੜਾਂ ਨੂੰ ਵੀ ਪੂਰਾ ਕੀਤਾ ਗਿਆ ਹੈ। ਇਸ ਨਵੇਂ ਹਸਪਤਾਲ ਨਾਲ ਚਮਕੌਰ ਸਾਹਿਬ ਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਫ਼ਾਇਦਾ ਹੋਵੇਗਾ। ਇਸ ਮੌਕੇ ਸਿਵਲ ਸਰਜਨ ਡਾ. ਬਲਵਿੰਦਰ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਟੰਡਨ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸਵਪਨਜੀਤ ਕੌਰ, ਓਐੱਸਡੀ ਜਗਤਾਰ ਸਿੰਘ ਘੜੂੰਆਂ ਅਤੇ ਪੀਏ ਚੰਦ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਦਾਖ਼ਲਿਆਂ ਲਈ ਵਿਦਿਆਰਥੀਆਂ ਵਿੱਚ ਉਤਸ਼ਾਹ
ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿੱਚ ਵਿੱਦਿਅਕ ਵਰ੍ਹੇ 2025-26 ਵਿੱਚ ਦਾਖ਼ਲਿਆਂ ਲਈ ਵਿਦਿਆਰਥੀਆਂ ਵਿੱਚ ਉਤਸ਼ਾਹ ਹੈ। ਕਾਲਜ ਗਵਰਨਿੰਗ ਬਾਡੀ ਦੇ ਸਕੱਤਰ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਕਾਲਜ ਮੌਜੂਦਾ ਸਮੇਂ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਕਰਦੇ ਹੋਏ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਕਾਲਜ ਦੇ ਵਾਈਸ ਪ੍ਰਿੰਸੀਪਲ ਅਤੇ ਐਡਮਿਸ਼ਨ ਕੋਆਰਡੀਨੇਟਰ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਵੀ ਦਾਖ਼ਲਿਆਂ ਲਈ ਮਾਤਾ ਗੁਜਰੀ ਕਾਲਜ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਮੌਕੇ ਸਵਰਣ ਸਿੰਘ ਗੋਪਾਲੋਂ, ਪ੍ਰੋ. ਬੀਰਇੰਦਰ ਸਿੰਘ ਸਰਾਓ, ਡਾ. ਦਵਿੰਦਰ ਸਿੰਘ, ਡਾ. ਕਿਰਨ, ਡਾ. ਨੀਤੂ ਤ੍ਰੇਹਨ, ਡਾ. ਜੁਝਾਰ ਸਿੰਘ, ਡਾ. ਸ਼ਵੇਤਾ ਸਹਿਗਲ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਰਾਮ ਮੰਦਰ ਦੀ ਉਸਾਰੀ ਲਈ ਸੰਗਤ ਵੱਲੋਂ ਯੋਗਦਾਨ
ਖਰੜ: ਸ਼ਹਿਰ ਵਿੱਚ ਇਤਿਹਾਸਕ ਅੱਜ ਸਰੋਵਰ ਸਥਾਨ ’ਤੇ ਰਾਮ ਮੰਦਰ ਦੀ ਮੁੱਖ ਇਮਾਰਤ ਦਾ ਲੈਂਟਰ ਪਾਉਣ ਦਾ ਕੰਮ ਕੱਲ੍ਹ ਤੜਕੇ ਪੂਜਾ ਅਤੇ ਹਵਨ ਆਦਿ ਉਪਰੰਤ ਸ਼ੁਰੂ ਹੋਇਆ। ਇਸ ਦੌਰਾਨ ਵੱਡੀ ਗਿਣਤੀ ਸ਼ਹਿਰ ਵਾਸੀਆਂ ਨੇ ਸੇਵਾ ਕੀਤੀ। ਇਸ ਮੌਕੇ ਆਰਐੱਸਐੱਸ ਦੇ ਸੀਨੀਅਰ ਪ੍ਰਚਾਰਕ ਪ੍ਰੇਮ ਗੋਇਲ, ਆਈਏਐੱਸ ਲਲਿਤ ਜੈਨ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਪਤਨੀ ਦਮਨਦੀਪ ਕੌਰ ਸੰਧੂ ਅਤੇ ਪੁੱਤਰ ਦੀਪਇੰਦਰ ਸਿੰਘ ਸੰਧੂ, ਭਾਜਪਾ ਨੇਤਾ ਸੁਖਵਿੰਦਰ ਸਿੰਘ ਗੋਲਡੀ, ਲਖਵਿੰਦਰ ਕੌਰ ਗਰਚਾ, ਸੁਭਾਸ਼ ਅਗਰਵਾਲ, ਵਪਾਰ ਮੰਡਲ ਖਰੜ, ਆਰੀਆ ਸਮਾਜ ਖਰੜ, ਖੱਤਰੀ ਮਹਾਂਸਭਾ, ਰਿਟੇਲ ਕਰਿਆਨਾ ਵਪਾਰੀ ਐਸੋਸੀਏਸਨ ਆਦਿ ਨੇ ਸਹਿਯੋਗ ਦਿੱਤਾ। -ਪੱਤਰ ਪ੍ਰੇਰਕ
ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
ਐੱਸਏਐੱਸ ਨਗਰ (ਮੁਹਾਲੀ): ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਸਵੇਰੇ ਸਹਿਜ ਪਾਠ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਜਾਰੀ ਰਿਹਾ। ਭਾਈ ਸਤਨਾਮ ਸਿੰਘ ਟਾਂਡਾ ਵਾਲਿਆਂ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਫ਼ਲਸਫ਼ੇ ਬਾਰੇ ਢਾਡੀ ਵਾਰਾਂ ਰਾਹੀਂ ਜਾਣੂ ਕਰਵਾਇਆ। ਭਾਈ ਜਤਿੰਦਰ ਸਿੰਘ ਦਿਲਗੀਰ ਤੇ ਸਾਥੀਆਂ ਨੇ ਰਸ-ਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਪ੍ਰਬੰਧਕਾਂ ਨੇ ਸਾਰੇ ਜਥਿਆਂ ਦਾ ਸਨਮਾਨ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ। -ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ ਦੀਆਂ 44 ਸੜਕਾਂ ਲਈ ਫੰਡ ਮਨਜ਼ੂਰ: ਢਿੱਲੋਂ
ਫਤਹਿਗੜ੍ਹ ਸਾਹਿਬ: ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਮਾਰਕੀਟ ਕਮੇਟੀ ਸਰਹਿੰਦ ਅਧੀਨ 35 ਸੜਕਾਂ ਲਈ 323.21 ਕਰੋੜ ਅਤੇ ਮਾਰਕੀਟ ਕਮੇਟੀ ਚਨਾਰਥਲ ਦੀਆਂ 9 ਸੜਕਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ 122.47 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸ੍ਰੀ ਢਿੱਲੋਂ ਨੇ ਦੱਸਿਆ ਕਿ ਮੁਰੰਮਤ ਕੀਤੀਆਂ ਜਾਣ ਵਾਲੀਆਂ ਸਾਰੀਆਂ ਸੜਕਾਂ ਦੀ ਅਗਲੇ ਪੰਜ ਸਾਲ ਦੀ ਜ਼ਿਮੇਵਾਰੀ ਸਬੰਧਤ ਏਜੰਸੀਆਂ ਦੀ ਹੋਵੇਗੀ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਗ਼ੈਰਮਿਆਰੀ ਸਮੱਗਰੀ ਜਾਂ ਘੱਟ ਹੋਣ ਦੀ ਸੂਰਤ ਵਿੱਚ ਤੁਰੰਤ ਸੰਪਰਕ ਕੀਤਾ ਜਾਵੇ। -ਨਿੱਜੀ ਪੱਤਰ ਪ੍ਰੇਰਕ
ਬਾਬਾ ਕ੍ਰਿਪਾ ਸਿੰਘ ਦੀ ਬਰਸੀ ਮਨਾਈ
ਅਮਲੋਹ: ਬਾਬਾ ਦਲਬਾਰਾ ਸਿੰਘ ਰੋਹੀਸਰ ਸਾਹਿਬ ਮਾਲੋਵਾਲ ਵਾਲਿਆਂ ਦੀ ਅਗਵਾਈ ਹੇਠ ਬਾਬਾ ਕ੍ਰਿਪਾ ਸਿੰਘ ਦੀ ਬਰਸੀ ਤਪ ਅਸਥਾਨ ਰੋਹੀਸਰ ਸਾਹਿਬ ਵਿੱਚ ਮਨਾਈ ਗਈ। ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ, ਭਾਈ ਜਗਜੀਤ ਸਿੰਘ ਅਤੇ ਮਾਸਟਰ ਧਰਮ ਸਿੰਘ ਰਾਈਏਵਾਲ ਨੇ ਦੱਸਿਆ ਕਿ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਦੀ ਅਗਵਾਈ ਹੇਠ ਅਤੇ ਅੰਮ੍ਰਿਤ ਹਸਪਤਾਲ ਰੁੜਕੀ ਵੱਲੋਂ ਫਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਏ ਗਏ। ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਐਡਵੋਕੇਟ ਰਾਮ ਸਿੰਘ ਰੈਸਲ, ਭਾਜਪਾ ਦੇ ਯੁਵਾ ਮੋਰਚੇ ਦੀ ਨੈਸ਼ਨਲ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ