ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਅਸਫਲ ਹੋਈ ‘ਆਪ’: ਗਿੱਲ
ਹਲਕੇ ਦੀਆਂ ਸੜਕਾਂ ਦੀ ਹਾਸਲ ਸੁਧਾਰਨ ਦਾ ਟੀਚਾ ਲੈ ਕੇ ਹਲਕੇ ਵਿੱਚ ਵਿਚਰ ਰਹੇ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੇ ਬੜੌਦੀ-ਨੱਗਲ-ਮੁੰਧੋਂ ਸੰਗਤੀਆਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸ੍ਰੀ ਗਿੱਲ ਨੇ ਆਮ ਲੋਕਾਂ ਦੀਆਂ ਲੋੜਾਂ ਨੂੰ ਅਣਦੇਖਿਆ ਕਰਨ ਲਈ ‘ਆਪ’ ਸਰਕਾਰ ਦੀ ਨਿਖੇਧੀ ਕੀਤੀ।
ਬੜੌਦੀ ਵਿੱਚ ਹੋਏ ਇਕੱਠ ਦੌਰਾਨ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਪਹਿਲਾਂ ਅਰਦਾਸ ਕੀਤੀ ਗਈ ਅਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ। ਸ੍ਰੀ ਗਿੱਲ ਨੇ ਆਪਣੇ ਨਾਲ ਲਿਆਂਦੇ ਗਰੈਵਲ ਦੇ ਟਰੱਕਾਂ ਅਤੇ ਮਸ਼ੀਨਰੀ ਦੀ ਮਦਦ ਨਾਲ ਸੜਕ ਵਿੱਚ ਪਏ ਵੱਡੇ ਵੱਡੇ ਟੋਏ ਪੂਰੇ ਅਤੇ ਸੜਕ ਨੂੰ ਮੋਟਰੇਬਲ ਕੀਤਾ ਗਿਆ।ਇਸ ਮੌਕੇ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ‘ਆਪ’ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹਈਆ ਕਰਨ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੜਕਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਵਾਰ ਵਾਰ ਮੰਗ ਦੇ ਬਾਜਵੂਦ ਸਰਕਾਰ ਸੜਕਾਂ ਦੀ ਹਾਲਤ ਸੁਧਾਰਨ ਵਿੱਚ ਅਸਫ਼ਲ ਰਹੀ ਹੈ। ਇਸ ਮੌਕੇ ਸਰਪੰਚ ਚਰਨ ਦਾਸ ਬੜੌਦੀ, ਸਰਪੰਚ ਪਰਮਜੀਤ ਕੌਰ ਮੁੰਧੋਂ ਸੰਗਤੀਆਂ, ਚਰਨਜੀਤ ਸਿੰਘ ਚੰਨੀ, ਤਜਿੰਦਰ ਸਿੰਘ ਗੁੰਨੋ ਮਾਜਰਾ, ਜਥੇਦਾਰ ਮਨਜੀਤ ਸਿੰਘ ਮੁੰਧੋਂ, ਅਮਨਦੀਪ ਸਿੰਘ ਲਾਡੀ, ਮਨਮੋਹਨ ਸਿੰਘ ਮਾਵੀ, ਗੁਰਿੰਦਰ ਸਿੰਘ, ਕੁਲਦੀਪ ਸਿੰਘ, ਰਵਿੰਦਰ ਸਿੰਘ, ਸੁਰਿੰਦਰ ਕੁਮਾਰ ਤੇ ਹੋਰ ਵੀ ਹਾਜ਼ਰ ਸਨ।