ਪ੍ਰਧਾਨ ਮੰਤਰੀ ਦੀ ਫੇਰੀ ਦਾ ਫਾਇਦਾ ਲੈਣ ‘ਚ ਅਸਫ਼ਲ ਰਹੀ ‘ਆਪ’: ਚੰਦੂਮਾਜਰਾ
ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਪ੍ਰਧਾਨ ਮੰਤਰੀ ਦੀ ਫੇਰੀ ਦਾ ਫਾਇਦਾ ਲੈਣ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਆਖਿਆ ਕਿ ਦੇਸ ਦੇ ਪ੍ਰਧਾਨ ਮੰਤਰੀ ਸਾਹਮਣੇ ਸਰਕਾਰ ਦੇ ਕੈਬਨਿਟ ਮੰਤਰੀ ਵੀ ਸੂਬੇ ਦੀ ਸਹੀ ਸਥਿਤੀ ਸਪੱਸ਼ਟ ਕਰਨ ’ਚ ਅਸਫਲ ਰਹੇ।
ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਭਾਵੇਂ ਸੂਬੇ ਦੇ ਮਾਨਯੋਗ ਰਾਜਪਾਲ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੀ 1600 ਕਰੋੜ ਦੀ ਵਿੱਤੀ ਰਾਸੀ ਬਾਰੇ ਸਥਿਤੀ ਸਪਸਟ ਕਰ ਦਿੱਤੀ ਗਈ ਹੈ, ਪ੍ਰੰਤੂ ਫਿਰ ਵੀ ਸੂਬਾ ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਸਬੰਧੀ ਸੰਜੀਦਾ ਰਿਪੋਰਟ ਬਣਾ ਕੇ ਕੇਂਦਰ ਨੂੰ ਭੇਜੇ। ਉਨ੍ਹਾਂ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੂੰ ਕੇਂਦਰ ਦਾ ਵਕੀਲ ਬਣਨ ਦੀ ਬਜਾਏ ਪੰਜਾਬ ਨਾਲ ਖੜ੍ਹਨ ਦੀ ਅਪੀਲ ਕੀਤੀ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਬ ਪਾਰਟੀ ਮੀਟਿੰਗ ਬੁਲਾ ਕੇ ਦੇਸ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਡੈਲੀਗੇਟ ਤਿਆਰ ਕਰਨ ਦੀ ਬੇਨਤੀ ਕੀਤੀ ਤਾਂ ਜੋ ਹੜ੍ਹਾਂ ਸੰਬੰਧੀ ਸਥਿਤੀ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾ ਸਕੇ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਜੇਕਰ ਸਰਕਾਰੀ ਧਿਰ ਅਜਿਹਾ ਨਹੀਂ ਕਰਦੀ ਤਾਂ ਪੰਜਾਬ ਦੇ ਭਾਜਪਾ ਪ੍ਰਧਾਨ ਨੂੰ ਸੂਬੇ ਦੇ ਨਵੇਂ ਅਤੇ ਪੁਰਾਣੇ ਸੰਸਦ ਮੈਂਬਰਾਂ ਦਾ ਡੈਲੀਗੇਸ਼ਨ ਬਣਾ ਕੇ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਖਾਤਰ ਖੇਤੀ ਬੀਮਾ ਯੋਜਨਾ ਨੂੰ ਜ਼ਰੂਰੀ ਕਰਾਰ ਦਿੱਤਾ।
ਚੰਦੂਮਾਜਰਾ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦੁਬਾਰਾ ਫਸਲਾਂ ਬੀਜਣ ਲਈ ਸਾਫ ਸੁਥਰੇ ਬੀਜਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਲੋਕਾਂ ਦੇ ਢਹਿ ਢੇਰੀ ਮਕਾਨ ਬਣਾਉਣ ਦੀ ਵੀ ਮੰਗ ਕੀਤੀ।
ਸਿੰਗਲ ਫੋਟੋ