DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਪ ਤੇ ਕਾਂਗਰਸ ਕੋਲ ਬਹੁਮਤ ਪਰ ਚੰਡੀਗੜ੍ਹ ਵਿੱਚ ਮੇਅਰ ਭਾਜਪਾ ਦਾ

ਮਨੋਜ ਸੋਨਕਰ ਬਣੇ ਚੰਡੀਗੜ੍ਹ ਦੇ ਮੇਅਰ; ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਅੱਠ ਵੋਟਾਂ ਰੱਦ
  • fb
  • twitter
  • whatsapp
  • whatsapp
featured-img featured-img
‘ਆਪ’ ਦੇ ਕੁਲਦੀਪ ਕੁਮਾਰ ਨੂੰ ਚੁੱਪ ਕਰਵਾਉਂਦੇ ਹੋਏ ਸਾਥੀ ਕੌਂਸਲਰ
Advertisement

* ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਵੀ ਭਾਜਪਾ ਦੀ ਝੋਲੀ

* ਮਾਮਲਾ ਹਾਈ ਕੋਰਟ ਪੁੱਜਾ, ਸੁਣਵਾਈ ਅੱਜ

Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 30 ਜਨਵਰੀ

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੌਰਾਨ ਆਪ-ਕਾਂਗਰਸ ਗੱਠਜੋੜ ਕੋਲ ਲੋੜੀਂਦੇ ਬਹੁਮਤ ਦੇ ਬਾਵਜੂਦ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੇ ਜਿੱਤ ਦਰਜ ਕੀਤੀ ਹੈ। ਮਨੋਜ ਸੋਨਕਰ ਨੂੰ 16 ਵੋਟ ਤੇ ‘ਆਪ’-ਕਾਂਗਰਸ ਗੱਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਧਲੌਰ ਨੂੰ 12 ਵੋਟ ਮਿਲੇ। ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਨੇ ਵੋਟਾਂ ਦੀ ਗਿਣਤੀ ਦੌਰਾਨ ਅੱਠ ਵੋਟਾਂ ਰੱਦ ਕਰ ਦਿੱਤੀਆਂ। ਇਸ ਮਗਰੋਂ 4 ਵੋਟਾਂ ਨਾਲ ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ ਗਿਆ। ਚੋਣ ਦੇ ਨਤੀਜੇ ਦਾ ਐਲਾਨ ਹੁੰਦੇ ਹੀ ਆਪ-ਕਾਂਗਰਸ ਗੱਠਜੋੜ ਦੇ ਕੌਂਸਲਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਹ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦਾ ਬਾਈਕਾਟ ਕਰਦੇ ਹੋਏ ਸਦਨ ਵਿਚੋਂ ਵਾਕਆਊਟ ਕਰ ਗਏ ਤੇ ਭਾਜਪਾ ਕੌਂਸਲਰ ਹੀ ਵੋਟਿੰਗ ਵਿਚ ਸ਼ਾਮਲ ਹੋਏ। ਭਾਜਪਾ ਦੇ ਕੁਲਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਤੇ ਰਾਜਿੰਦਰ ਸ਼ਰਮਾ ਡਿਪਟੀ ਮੇਅਰ ਚੁਣੇ ਗਏ। ਮੇਅਰ ਚੋਣ ਦਾ ਵਿਵਾਦ ਇਕ ਵਾਰ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ ਜਿੱਥੇ ਬੁੱਧਵਾਰ ਨੂੰ ਇਸ ਮਾਮਲੇ ’ਤੇ ਸੁਣਵਾਈ ਹੋਵੇਗੀ।

ਨਵੇਂ ਚੁਣੇ ਗਏ ਮਨੋਜ ਸੋਨਕਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਭਾਜਪਾ ਆਗੂ। -ਫੋਟੋਆਂ: ਪੀਟੀਆਈ

ਮੇਅਰ ਦੀ ਚੋਣ ਦੇ ਨਤੀਜੇ ਨਾਲ ਨਾ ਸਿਰਫ਼ ਚੰਡੀਗੜ੍ਹ ਵਿਚ ਸਗੋਂ ਦੇਸ਼ ਭਰ ਵਿਚ ਘਮਸਾਣ ਮਚ ਗਿਆ ਹੈ। ‘ਆਪ’-ਕਾਂਗਰਸ ਗੱਠਜੋੜ ਦੇ ਆਗੂਆਂ ਦਾ ਦੋਸ਼ ਹੈ ਕਿ ਭਾਜਪਾ ਦੀ ਜਿੱਤ ਧੱਕੇਸ਼ਾਹੀ ਤੇ ਜਾਅਲਸਾਜ਼ੀ ਨਾਲ ਹੋਈ ਹੈ ਕਿਉਂਕਿ ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਨੇ ਨਤੀਜੇ ਜਾਰੀ ਕਰਨ ਮੌਕੇ ਨਿਰਪੱਖਤਾ ਤੇ ਪਾਰਦਰਸ਼ਤਾ ਨਹੀਂ ਦਿਖਾਈ। ‘ਆਪ’ ਤੇ ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਪ੍ਰੀਜ਼ਾਈਡਿੰਗ ਅਧਿਕਾਰੀ ਨੇ ਵੋਟਾਂ ਦੀ ਗਿਣਤੀ ਕਰਨ ਮੌਕੇ ਪਾਰਟੀ ਦੇ ਚੋੋਣ ਏਜੰਟਾਂ ਨੂੰ ਵੀ ਨਹੀਂ ਸੱਦਿਆ। ਇਕੱਲਿਆਂ ਹੀ ਵੋਟਾਂ ਦੀ ਗਿਣਤੀ ਕਰਕੇ 8 ਵੋਟਾਂ ਅਯੋਗ ਕਰਾਰ ਦੇ ਦਿੱਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਧੱਕੇਸ਼ਾਹੀ ਨਾਲ ਚੋਣ ਜਿੱਤੀ ਤੇ ਜਮਹੂਰੀਅਤ ਦਾ ਕਤਲ ਕੀਤਾ ਹੈ। ਕਾਂਗਰਸ ਤੇ ‘ਆਪ’ ਕੌਂਸਲਰਾਂ ਨੇ ਇਹ ਦੋਸ਼ ਵੀ ਲਾਏ ਕਿ ਪ੍ਰੀਜ਼ਾਈਡਿੰਗ ਅਧਿਕਾਰੀ ਵਾਇਰਲ ਹੋਈ ਵੀਡੀਓ ਵਿੱਚ ਕਈ ਵੋਟਾਂ ’ਤੇ ਪੈੱਨ ਚਲਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਵੀ ਇਸ ਦੇ ਸਬੂਤ ਹਨ। ਇਸ ਨੂੰ ਲੈ ਕੇ ਸਦਨ ਵਿਚ ਕਾਫੀ ਦੇਰ ਤੱਕ ਹੰਗਾਮਾ ਹੋਇਆ।

ਮੇਅਰ ਦੀ ਚੋਣ ਮਗਰੋਂ ਰੋਸ ਪ੍ਰਗਟਾਉਂਦੇ ਹੋਏ ‘ਆਪ’ ਤੇ ਕਾਂਗਰਸ ਦੇ ਕੌਂਸਲਰ। -ਫੋਟੋ: ਵਿੱਕੀ ਘਾਰੂ

‘ਆਪ’-ਕਾਂਗਰਸ ਉਮੀਦਵਾਰ ਕੁਲਦੀਪ ਧਲੌਰ ਦੀਆਂ ਅੱਖਾਂ ਛਲਕੀਆਂ

ਭਾਜਪਾ ਦੀ ਜਿੱਤ ਤੋਂ ਬਾਅਦ ਕਾਂਗਰਸ ਤੇ ‘ਆਪ’ ਦੇ ਸਾਂਝੇ ਉਮੀਦਵਾਰ ਕੁਲਦੀਪ ਧਲੌਰ ਰੋ ਪਏ। ਧਲੌਰ ਨੇ ਮਗਰੋਂ ਫੌਰੀ ਹਾਈ ਕੋਰਟ ’ਚ ਅਪੀਲ ਦਾਇਰ ਕਰਦਿਆਂ ਕਿਹਾ ਕਿ ਇਹ ਚੋਣ ਗ਼ਲਤ ਹੈ। ਉਨ੍ਹਾਂ ਦੀਆਂ ਅੱਠ ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ ਹਨ ਤੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਧਲੌਰ ਵੱਲੋਂ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਨੇ ਬਾਅਦ ਦੁਪਹਿਰ ਸਵਾ ਦੋ ਵਜੇ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਪਟੀਸ਼ਨ ’ਤੇ ਫੌਰੀ ਸੁਣਵਾਈ ਕੀਤੀ ਜਾਵੇ ਤੇ ਚੋਣ ਰਿਕਾਰਡ ਸੀਲ ਕੀਤਾ ਜਾਵੇ। ਹਾਈ ਕੋਰਟ ਨੇ ਮੰਗਲਵਾਰ ਨੂੰ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਹੁਣ ਇਸ ਮਾਮਲੇ ’ਤੇ ਬੁੱਧਵਾਰ ਨੂੰ ਸੁਣਵਾਈ ਹੋਵੇਗੀ।

ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਮੁੜ ਚੋਣ ਹੋਵੇ: ਇੰਡੀਆ ਗੱਠਜੋੜ

ਚੰਡੀਗੜ੍ਹ (ਟਨਸ): ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਚੰਡੀਗੜ੍ਹ ਤੋਂ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ, ‘ਆਪ’ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ, ਪ੍ਰੇਮ ਗਰਗ ਤੇ ਹਰਮੋਹਿੰਦਰ ਸਿੰਘ ਲੱਕੀ ਨੇ ਮੇਅਰ ਦੀ ਚੋਣ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ ਮੇਅਰ ਦੀ ਚੋਣ ਰੱਦ ਕਰਕੇ ਮੁੜ ਤੋਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਸ੍ਰੀ ਚੱਢਾ ਨੇ ਕਿਹਾ ਕਿ ਇੰਡੀਆ ਗੱਠਜੋੜ ਦੀਆਂ 20 ਵੋਟਾਂ (13 ‘ਆਪ’ ਅਤੇ 7 ਕਾਂਗਰਸੀ ਕੌਂਸਲਰ) ਸਨ। ਭਾਜਪਾ ਕੋਲ 16 (14 ਕੌਂਸਲਰ, 1 ਸੰਸਦ ਮੈਂਬਰ ਤੇ 1 ਅਕਾਲੀ ਕੌਂਸਲਰ) ਸਨ। ਇਸ ਲਈ ਭਾਜਪਾ ਨੇ ਚੋਣ ਜਿੱਤਣ ਲਈ ਜਮਹੂਰੀਅਤ ਵਿਰੁੱਧ ਸਾਜ਼ਿਸ਼ ਰਚੀ।

‘ਇੰਡੀਆ’ ਗੱਠਜੋੜ ਦਾ ਗਣਿਤ ਤੇ ਕੈਮਿਸਟਰੀ ਕੰਮ ਨਹੀਂ ਕਰ ਰਹੇ: ਨੱਢਾ

ਨਵੀਂ ਦਿੱਲੀ: ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਕਿਹਾ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਇੰਡੀਆ ਗੱਠਜੋੜ ਉਮੀਦਵਾਰ ਦੀ ਹਾਰ ਤੋਂ ਸਾਫ਼ ਹੈ ਕਿ ਨਾ ਉਨ੍ਹਾਂ ਦਾ ਗਣਿਤ ਤੇ ਨਾ ਹੀ ਕੈਮਿਸਟਰੀ ਕੰਮ ਕਰ ਰਹੀ ਹੈ। ਉਨ੍ਹਾਂ ਭਾਜਪਾ ਉਮੀਦਵਾਰ ਨੂੰ ਮਿਲੀ ਜਿੱਤ ’ਤੇ ਵਧਾਈ ਦਿੱਤੀ। ਨੱਢਾ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਮੇਅਰ ਦੀ ਚੋਣ ਜਿੱਤਣ ਲਈ ਚੰਡੀਗੜ੍ਹ ਦੀ ਭਾਜਪਾ ਇਕਾਈ ਨੂੰ ਵਧਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ‘ਰਿਕਾਰਡ ਵਿਕਾਸ’ ਦੇਖਣ ਨੂੰ ਮਿਲਿਆ ਹੈੈ।’’ -ਪੀਟੀਆਈ

ਚੋਣ ਮਸ਼ੀਨਰੀ ਦੀ ਧੜੱਲੇ ਨਾਲ ਦੁਰਵਰਤੋਂ ਹੋਈ: ਖੜਗੇ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ’ਤੇ ਚੋਣ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਖੜਗੇ ਨੇ ਐਕਸ ’ਤੇ ਲਿਖਿਆ, ‘ਚੰਡੀਗੜ੍ਹ ਮੇਅਰ ਦੀ ਚੋਣ ’ਚ ਭਾਜਪਾ ਦੇ ਇਸ਼ਾਰੇ ’ਤੇ ਚੋਣ ਮਸ਼ੀਨਰੀ ਦੀ ਧੜੱਲੇ ਨਾਲ ਦੁਰਵਰਤੋਂ ਆਜ਼ਾਦ ਤੇ ਨਿਰਪੱਖ ਚੋਣਾਂ ’ਚ ਲੋਕਾਂ ਦਾ ਭਰੋਸਾ ਹੋਰ ਘਟਾ ਦੇਵੇਗੀ।’ ਉਨ੍ਹਾਂ ਕਿਹਾ, ‘ਮੈਂ ਬੀਤੇ ਦਿਨ ਵੀ ਕਿਹਾ ਸੀ ਕਿ 2024 ਸਾਡੇ ਕੋਲ ਲੋਕਤੰਤਰ ਨੂੰ ਬਚਾਉਣ ਦਾ ਆਖਰੀ ਮੌਕਾ ਹੈ। ਜੇਕਰ ਅਸੀਂ ਇਸ ਨੂੰ ਭਾਜਪਾ ਤੋਂ ਬਚਾਉਣ ਲਈ ਇਕਜੁੱਟ ਨਾ ਹੋਏ ਤਾਂ ਸਾਡੀਆਂ ਭਵਿੱਖੀ ਪੀੜ੍ਹੀਆਂ ਪਛਤਾਉਣਗੀਆਂ।’ -ਪੀਟੀਆਈ

ਜਮਹੂਰੀਅਤ ਲਈ ਕਾਲਾ ਦਿਨ: ਕੇਜਰੀਵਾਲ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੀਆਂ ਘਟਨਾਵਾਂ ਨੂੰ ‘ਜਮਹੂਰੀਅਤ ਲਈ ਕਾਲਾ ਦਿਨ’ ਕਰਾਰ ਦਿੱਤਾ। ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ, ‘‘ਮੇਅਰ ਦੀ ਚੋਣ ਵਿਚ ਆਪ-ਕਾਂਗਰਸ ਗੱਠਜੋੜ ਕੋਲ ਸਪੱਸ਼ਟ ਬਹੁਮਤ ਸੀ ਤੇ ਇਹ ਸਿੱਧੀ ਚੋਣ ਸੀ। ਅੱਠ ਵੋਟਾਂ ਜਾਂ ਕੁੱਲ ਵੋਟਾਂ ਦਾ 25 ਫੀਸਦ ਨੂੰ ਅਯੋਗ ਐਲਾਨ ਦਿੱਤਾ ਗਿਆ। ਇਹ ਕਿਸ ਤਰ੍ਹਾਂ ਦੀ ਚੋਣ ਸੀ? ਮੇਅਰ ਚੋਣ ਦੇ ਨਤੀਜੇ ਦਰਸਾਉਂਦੇ ਹਨ ਕਿ ਕੁਝ ਗਲਤ ਹੈ ਤੇ ਉਹ (ਭਾਜਪਾ) ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।’’

ਪ੍ਰੀਜ਼ਾਈਡਿੰਗ ਅਫ਼ਸਰ ਖਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਹੋਵੇ: ਭਗਵੰਤ ਮਾਨ

ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੌਰਾਨ ਸ਼ਰ੍ਹੇਆਮ ਜਮਹੂਰੀਅਤ ਦੀਆਂ ਧੱਜੀਆਂ ਉਡਾਉਣ ਬਦਲੇ ਪ੍ਰੀਜ਼ਾਈਡਿੰਗ ਅਫ਼ਸਰ ਖਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਜਾਣ-ਬੁੱਝ ਕੇ ਆਪਣੇ ਘੱਟਗਿਣਤੀ ਵਿੰਗ ਦੇ ਮੁਖੀ ਨੂੰ ਮੇਅਰ ਦੀ ਚੋਣ ਲਈ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ 30 ਜਨਵਰੀ ਦਾ ਦਿਨ ਭਾਰਤੀ ਸਿਆਸਤ ਦੇ ਇਤਿਹਾਸ ਵਿੱਚ ‘ਕਾਲੇ ਦਿਨ’ ਵਜੋਂ ਦਰਜ ਕੀਤਾ ਜਾਵੇਗਾ। ਇਥੇ ਪੰਜਾਬ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਮੇਅਰ ਦੀ ਚੋਣ ਵਿੱਚ ਧੱਕੇਸ਼ਾਹੀ ਨਾਲ ‘ਆਪ’ ਤੇ ਕਾਂਗਰਸ ਗੱਠਜੋੜ ਦੀਆਂ 8 ਵੋਟਾਂ ਰੱਦ ਕੀਤੀਆਂ ਗਈਆਂ ਤਾਂ ਜੋ ਭਾਜਪਾ ਦਾ ਮੇਅਰ ਬਣਾਇਆ ਜਾ ਸਕੇ।’’ ਉਨ੍ਹਾਂ ਕਿਹਾ ਕਿ ਭਾਜਪਾ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਤੇ ਅਦਾਲਤ ਦਾ ਬੂਹਾ ਖੜਕਾਵਾਂਗੇ। ਮੁੱਖ ਮੰਤਰੀ ਨੇ ਵੋਟਾਂ ਦੀ ਗਿਣਤੀ ਦੀ ਵਾਇਰਲ ਹੋਈ ਵੀਡੀਓ ਦਿਖਾਉਂਦਿਆਂ ਕਿਹਾ ਕਿ ਪ੍ਰੀਜ਼ਾਈਡਿੰਗ ਅਫ਼ਸਰ ਨੇ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਜਾਣਬੁੱਝ ਕੇ ਵੋਟਾਂ ਰੱਦ ਕੀਤੀਆਂ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਿਰਫ਼ 36 ਵੋਟਾਂ ਦੀ ਗਿਣਤੀ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨਹੀਂ ਕਰਵਾ ਸਕਦੀ ਤਾਂ ਸਮੁੱਚੇ ਦੇਸ਼ ਵਿੱਚ 90 ਕਰੋੜ ਵੋਟਾਂ ਦੀ ਗਿਣਤੀ ਕਿਵੇਂ ਹੋ ਸਕਦੀ ਹੈ।

Advertisement
×