ਦਰਿਆ ’ਤੇ ਕੰਮ ਕਰਦੇ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ
ਦਰਿਆ ਸਤਲੁਜ ਵਿੱਚ ਪਾਣੀ ਕਾਰਨ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਬਚਾਅ ਕਾਰਜਾਂ ਵਿੱਚ ਜੁਟੇ ਇੱਕ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਮਰਿੰਦਰ ਸਿੰਘ (35) ਪੁੱਤਰ ਨਿਰਮਲ ਸਿੰਘ ਪਿੰਡ ਰਸੀਦਪੁਰ ਸਤਲੁਜ ਦਰਿਆ ਵਿੱਚ ਚੱਲ ਰਹੇ ਵਾਧੂ ਪਾਣੀ ਦੇ ਤੇਜ਼ ਵਹਾਅ ਕਾਰਨ ਦਰਿਆ ਦੇ ਕਿਨਾਰੇ ਬਣੇ ਬੰਨ੍ਹ ਨੂੰ ਖੋਰਾ ਲੱਗਣ ਤੋਂ ਬਚਾਉਣ ਲਈ ਅਤੇ ਇਸ ਪਾਣੀ ਦਾ ਵਹਾਅ ਦੂਜੇ ਪਾਸੇ ਮੋੜਨ ਲਈ ਕਈ ਦਿਨਾਂ ਤੋਂ ਦਰਿਆ ’ਤੇ ਬਾਕੀ ਨੌਜਵਾਨਾਂ ਨਾਲ ਸੇਵਾ ਵਿੱਚ ਜੁਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਹ ਦਰਿਆ ਕੰਢੇ ਮਿੱਟੀ ਦੇ ਥੈਲੇ ਆਦਿ ਲਗਾ ਕੇ ਪੈਦਲ ਹੀ ਆਪਣੇ ਘਰ ਵਾਪਸ ਜਾ ਰਿਹਾ ਸੀ। ਉਹ ਜਿਵੇਂ ਹੀ ਪਿੰਡ ਰਸੀਦਪੁਰ ਦੇ ਬਰਾਬਰ ਬਣੇ ਨਹਿਰੀ ਸੂਏ ਕੋਲ ਪਹੁੰਚਿਆਂ ਤਾਂ ਸੂਏ ਦੇ ਪੁਲ ’ਤੇ ਮਿੱਟੀ ਦੀ ਗਾਰ ਜ਼ਿਆਦਾ ਹੋਣ ਕਾਰਨ ਉਸ ਦਾ ਪੈਰ ਫਿਸਲਣ ਕਾਰਨ ਉਹ ਸੂਏ ਵਿੱਚ ਡਿੱਗ ਗਿਆ। ਸੂਏ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਡੁੱਬਣ ਕਰਕੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਅਮਰਿੰਦਰ ਸਿੰਘ ਦੀ ਮ੍ਰਿਤਕ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਲਈ ਸਰਕਾਰੀ ਹਸਪਤਾਲ ਰੂਪਨਗਰ ਵਿੱਚ ਰਖਵਾ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਵਿਚ ਪਿੱਛੇ ਮਾਤਾ ਪਿਤਾ ਤੇ ਵਿਧਵਾ ਪਤਨੀ ਸਮੇਤ 7 ਸਾਲ ਦੀ ਬੇਟੀ ਅਤੇ 5 ਸਾਲ ਦਾ ਬੇਟਾ ਹੈ। ਇਲਾਕਾ ਨਿਵਾਸੀਆਂ ਨੇ ਸਰਕਾਰ ਤੋਂ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।