ਗੰਗਾ ਨਰਸਰੀ ਜ਼ੀਰਕਪੁਰ ਤੋਂ ਮਨਜੀਤ ਸਿੰਘ ਵੱਲੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਜਾਣ ਵਾਲੀ 15ਵੀਂ ਸੀਸ ਮਾਰਗ ਯਾਤਰਾ ਦਾ ਅੱਜ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਬੀਤੇ ਦਿਨ ਦਿੱਲੀ ਤੋਂ ਰਵਾਨਾ ਹੋਈ ਇਹ ਯਾਤਰਾ ਦੁਪਹਿਰ ਸਮੇਂ ਅੰਬਾਲਾ ਤੋਂ ਸ਼ੰਭੂ ਬਾਰਡਰ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਈ। ਪਿੰਡ ਸ਼ੰਭੂ ਕਲਾਂ, ਬਾਸਮਾਂ, ਖੇੜੀ ਗੁਰਨਾ, ਖਲੌਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ। ਇਸੇ ਤਰ੍ਹਾਂ ਘੜਾਮਾਂ, ਮੋਹੀ ਕਲਾਂ, ਚੰਗੇਰਾ, ਖਾਸਪੁਰ, ਬੂਟਾ ਸਿੰਘ ਵਾਲਾ, ਧਰਮਗੜ੍ਹ, ਮੁਠਿਆੜਾਂ, ਮਮੌਲੀ ਤੇ ਛੜਬੜ੍ਹ ਦੀ ਸੰਗਤ ਨੇ ਕੌਮੀ ਮਾਰਗ ’ਤੇ ਨਗਰ ਕੀਰਤਨ ਦਾ ਸਵਾਗਤ ਕੀਤਾ। ਬਨੂੜ ਦੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਸੀਸ ਮਾਰਗ ਯਾਤਰਾ ਵਿੱਚ ਸ਼ਾਮਲ ਪੰਜ ਪਿਆਰਿਆਂ ਅਤੇ ਪ੍ਰਬੰਧਕਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਸੰਗਤ ਲਈ ਬਿਸਕੁਟਾਂ ਅਤੇ ਕੇਲਿਆਂ ਦਾ ਲੰਗਰ ਲਗਾਇਆ ਗਿਆ।
ਇਸ ਮੌਕੇ ਮੁੱਖ ਪ੍ਰਬੰਧਕ ਭਾਈ ਮਨਜੀਤ ਸਿੰਘ ਗੰਗਾ ਨਰਸਰੀ ਵਾਲਿਆਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਨਿਰਮੈਲ ਸਿੰਘ ਜੌਲਾ ਨੇ ਦੱਸਿਆ ਕਿ ਇਹ ਯਾਤਰਾ ਅੱਜ ਸ਼ਾਮ ਨਾਭਾ ਸਾਹਿਬ ਜ਼ੀਰਕਪੁਰ ਵਿਖੇ ਰੁਕੇਗੀ ਜਿੱਥੋਂ 26 ਨਵੰਬਰ ਨੂੰ ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਨੂੰ ਹੋ ਕੇ ਮੁਹਾਲੀ ਦੇ ਫੇਜ਼ ਗਿਆਰਾਂ ਰਾਹੀਂ ਮੁਹਾਲੀ ਪਹੁੰਚੇਗੀ ਤੇ ਲਾਂਡਰਾਂ, ਖਰੜ, ਕੁਰਾਲੀ, ਰੂਪਨਗਰ, ਕੀਰਤਪੁਰ ਸਾਹਿਬ ਨੂੰ ਹੁੰਦੀ ਹੋਈ ਆਨੰਦਪੁਰ ਸਾਹਿਬ ਜਾ ਕੇ ਸਮਾਪਤ ਹੋਵੇਗੀ। ਬਨੂੜ ਤੋਂ ਬਾਅਦ ਕਰਾਲਾ, ਕਨੌੜ, ਰਾਮਪੁਰ ਆਦਿ ਵਿੱਚ ਵੀ ਸੰਗਤ ਵੱਲੋਂ ਸਵਾਗਤ ਕੀਤਾ ਗਿਆ।
ਨਗਰ ਕੀਰਤਨ ਗੁਰਦੁਆਰਾ ਗੁਰਸਾਗਰ ਸਾਹਿਬ ਤੋਂ ਰਵਾਨਾ
ਚੰਡੀਗੜ੍ਹ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਸੰਤ ਖ਼ਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਗੁਰਦੁਆਰਾ ਗੁਰਸਾਗਰ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਹੋਇਆ ਸੀ ਜੋ ਵੱਖ-ਵੱਖ ਸ਼ਹਿਰਾਂ ਅਤੇ ਗੁਰਦੁਆਰਿਆਂ ’ਚੋਂ ਹੁੰਦਾ ਹੋਇਆ ਬੀਤੀ ਰਾਤ ਗੁਰਦੁਆਰਾ ਗੁਰਸਾਗਰ ਸਾਹਿਬ ਚੰਡੀਗੜ੍ਹ ਨੇੜੇ ਪਹੁੰਚਿਆ। ਅੱਜ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਉਪਰੰਤ ਅਗਲੀ ਪੜਾਅ ਲਈ ਰਵਾਨਾ ਹੋਇਆ। ਭਾਈ ਜਗਜੀਤ ਸਿੰਘ ਛੜਬੜ ਨੇ ਦੱਸਿਆ ਕਿ ਫਾਊਂਡੇਸ਼ਨ ਦੇ ਚੇਅਰਮੈਨ ਸੰਤ ਬਾਬਾ ਪ੍ਰਿਤਪਾਲ ਸਿੰਘ ਦੀ ਪ੍ਰੇਰਨਾ ਸਦਕਾ ਭਾਈ ਤੇਜੇਸ਼ਵਰ ਪ੍ਰਤਾਪ ਸਿੰਘ ਅਤੇ ਮਾਤਾ ਚਰਨ ਕਮਲ ਕੌਰ ਦੀ ਅਗਵਾਈ ਹੇਠ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿੱਚ ਸਮਾਪਤ ਹੋਵੇਗਾ।

