ਇੱਥੋਂ ਨੇੜਲੇ ਪਿੰਡ ਨੰਡਿਆਲੀ ਅਤੇ ਜਾਂਸਲੀ ਕੋਲੋਂ ਲੰਘਦੇ ਚੰਡੀਗੜ੍ਹ ਚੋਏ ਵਿੱਚ ਨਹਾਉਣ ਗਿਆ 14 ਸਾਲਾ ਨਾਬਾਲਗ ਲੜਕਾ ਪਾਣੀ ਵਿਚ ਡੁੱਬ ਗਿਆ। ਇਹ ਘਟਨਾ ਪੰਦਰਾਂ ਅਗਸਤ ਨੂੰ ਵਾਪਰੀ। ਆਜ਼ਾਦੀ ਦੇ ਦਿਹਾੜੇ ਦੀ ਛੁੱਟੀ ਹੋਣ ਕਾਰਨ ਜਾਂਸਲੀ ਦੇ ਤਿੰਨ ਚਾਰ ਬੱਚੇ ਚੋਏ ਵਿੱਚ ਆਏ ਮੀਂਹ ਦੇ ਪਾਣੀ ਵਿਚ ਨਹਾਉਣ ਚਲੇ ਗਏ।
ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਹਰਸ਼ਦੀਪ ਸਿੰਘ ਪੁੱਤਰ ਰਣਜੀਤ ਸਿੰਘ ਪਾਣੀ ਵਿੱਚ ਰੁੜ ਗਿਆ। ਪਾਣੀ ਵਿੱਚ ਡੁੱਬ ਰਹੇ ਬੱਚੇ ਨੂੰ ਦੇਖ ਕੇ ਉਸ ਦੇ ਸਾਥੀਆਂ ਨੇ ਰੌਲਾ ਪਾਇਆ। ਜਦੋਂ ਤੱਕ ਲੋਕ ਮੌਕੇ ’ਤੇ ਇਕੱਠੇ ਹੋਏ ਉਦੋਂ ਤੱਕ ਬੱਚਾ ਪਾਣੀ ਵਿੱਚ ਵਹਿ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਰਾਜਪੁਰਾ ਤੋਂ ਤਹਿਸੀਲਦਾਰ, ਸਿਹਤ ਵਿਭਾਗ, ਡਰੇਨੇਜ ਵਿਭਾਗ ਅਤੇ ਪੁਲੀਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਰਾਜਪੁਰਾ ਤੋਂ ਬੁਲਾਏ ਗਏ ਗੋਤਾਖੋਰਾਂ ਵੱਲੋਂ ਕਰੀਬ ਇਕ ਕਿਲੋਮੀਟਰ ਤੱਕ ਚੋਏ ਦੇ ਪਾਣੀ ਵਿੱਚ ਬੱਚੇ ਦੀ ਭਾਲ ਕੀਤੀ ਗਈ, ਪਰ ਹਾਲੇ ਤੱਕ ਬੱਚਾ ਬਰਾਮਦ ਨਹੀਂ ਹੋਇਆ। ਚੰਡੀਗੜ੍ਹ ਚੋਏ ਵਿੱਚ ਲਾਪਤਾ ਨਾਬਾਲਗ ਲੜਕੇ ਦੀ ਲਾਸ਼ ਨੂੰ ਲੱਭਣ ਲਈ ਦੂਜੇ ਦਿਨ ਵੀ ਗੋਤਾਖੋਰਾਂ ਦੀ ਟੀਮ ਵੱਲੋਂ ਭਾਲ ਜਾਰੀ ਸੀ ਪਰ ਖ਼ਬਰ ਲਿਖੇ ਜਾਣ ਤੱਕ ਪਾਣੀ ਵਿੱਚ ਡੁੱਬਿਆ ਬੱਚਾ ਨਹੀਂ ਮਿਲਿਆ ਸੀ। ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਅੱਜ ਗੰਡਾ ਖੇੜੀ ਤੋਂ ਗੋਤਾਖੋਰਾਂ ਦੀ ਟੀਮ ਚੋਏ ਵਿੱਚ ਲਾਪਤਾ ਹੋਏ ਬੱਚੇ ਨੂੰ ਪਾਣੀ ਵਿੱਚ ਲੱਭਣ ਲਈ ਬੁਲਾਈ ਗਈ ਹੈ। ਸਵੇਰ ਤੋਂ ਉਸ ਦੀ ਭਾਲ ਕਰ ਰਹੀ ਹੈ ਪਰੰਤੂ ਹਾਲੇ ਤੱਕ ਇਸ ਨਾਬਾਲਗ ਬੱਚੇ ਦੇ ਮਿਲਣ ਦੀ ਕੋਈ ਸੂਚਨਾ ਨਹੀਂ ਹੈ।