‘ਆਪ’ ਕੌਂਸਲਰਾਂ ਦਾ ਵਫ਼ਦ ਨਿਗਮ ਕਮਿਸ਼ਨਰ ਨੂੰ ਮਿਲਿਆ
ਕੁਲਦੀਪ ਸਿੰਘ
ਚੰਡੀਗੜ੍ਹ, 3 ਜੁਲਾਈ
ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਨਿਗਮ ਕੌਂਸਲਰਾਂ ਦਾ ਵਫ਼ਦ ਅੱਜ ਪਾਰਟੀ ਪ੍ਰਧਾਨ ਵਿਜੈਪਾਲ ਸਿੰਘ ਦੀ ਅਗਵਾਈ ਹੇਠ ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈ.ਏ.ਐੱਸ. ਨੂੰ ਮਿਲਿਆ, ਜਿਸ ਵਿੱਚ ਚੰਡੀਗੜ੍ਹ ਦੇ ਪਿੰਡ ਰਾਏਪੁਰ ਖੁਰਦ, ਮੌਲੀ ਜਾਗਰਾਂ, ਚੌਧਰੀ ਚਰਨ ਸਿੰਘ ਕਾਲੋਨੀ ਅਤੇ ਹੋਰ ਇਲਾਕਿਆਂ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਬਾਰੇ ਆ ਰਹੀਆਂ ਦਿੱਕਤਾਂ ਦੱਸੀਆਂ ਗਈਆਂ। ਵਫ਼ਦ ਵੱਲੋਂ ਇੱਕ ਮੰਗ ਪੱਤਰ ਵੀ ਕਮਿਸ਼ਨਰ ਨੂੰ ਸੌਂਪਿਆ ਗਿਆ। ਵਫ਼ਦ ਵਿੱਚ ਕੌਂਸਲਰ ਜਸਵਿੰਦਰ ਕੌਰ, ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਅੰਜੂ ਕਤਿਆਲ, ਯੋਗੇਸ਼ ਢੀਂਗਰਾ, ਪ੍ਰੇਮ ਲਤਾ, ਪੂਨਮ, ਜੱਗਾ (ਪ੍ਰਧਾਨ ਰੂਰਲ ਵਿੰਗ), ਦੇਸ਼ਰਾਜ ਸਨਾਵਰ (ਪ੍ਰਧਾਨ ਐੱਸ.ਸੀ. ਵਿੰਗ), ਵਿਜੈ ਤੇ ਹੋਰ ਸੀਨੀਅਰ ਪਾਰਟੀ ਆਗੂ ਮੌਜੂਦ ਸਨ। ਵਫ਼ਦ ਨੇ ਨਿਗਮ ਕਮਿਸ਼ਨਰ ਨੂੰ ਦੱਸਿਆ ਕਿ ਕਈ ਇਲਾਕਿਆਂ ਵਿੱਚ ਟਿਊਬਵੈੱਲ ਦੀਆਂ ਮੋਟਰਾਂ ਖਰਾਬ ਪਈਆਂ ਹਨ, ਪਾਈਪ ਲਾਈਨਾਂ ਟੁੱਟੀਆਂ ਹੋਈਆਂ ਹਨ ਅਤੇ ਉਚਾਈ ਵਾਲੇ ਘਰਾਂ ਤੱਕ ਪਾਣੀ ਦਾ ਪ੍ਰੈਸ਼ਰ ਨਹੀਂ ਪਹੁੰਚ ਰਿਹਾ। ਲੋਕ ਪੈਸੇ ਖਰਚ ਕੇ ਪ੍ਰਾਈਵੇਟ ਟੈਂਕਰਾਂ ਰਾਹੀਂ ਪਾਣੀ ਲੈਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਪਿੰਡ ਰਾਏਪੁਰ ਖੁਰਦ ਵਿੱਚ ਸੰਪਰਕ ਸੈਂਟਰ ਦੇ ਨੇੜੇ ਪਾਰਕ ਵਿੱਚ ਟਿਊਬਵੈੱਲ ਮੋਟਰ ਪਿਛਲੇ 6 ਮਹੀਨਿਆਂ ਤੋਂ ਖਰਾਬ ਪਈ ਹੈ। ਮੌਲੀ ਜਾਗਰਾਂ ਵਿੱਚ ਸ਼ਿਵ ਮੰਦਿਰ ਪਾਰਕ ਦੇ ਨੇੜੇ ਟਿਊਬਵੈੱਲ ਦੀ ਮੋਟਰ ਕਈ ਮਹੀਨਿਆਂ ਤੋਂ ਬੰਦ ਹੈ। ਚੌਧਰੀ ਚਰਨ ਸਿੰਘ ਕਲੋਨੀ ਵਿੱਚ ਟਿਊਬਵੈਲ ਦੀ ਮੋਟਰ ਲੰਬੇ ਸਮੇਂ ਤੋਂ ਖਰਾਬ ਹੈ, ਹੁਣ ਤੱਕ ਕੋਈ ਮੁਰੰਮਤ ਨਹੀਂ ਹੋਈ। ਇਸ ਤੋਂ ਇਲਾਵਾ ਵਿਕਾਸ ਨਗਰ (ਮੌਲੀ ਜਾਗਰਾਂ) ਵਿੱਚ ਮਕਾਨ ਨੰਬਰ 1 ਤੋਂ 1500 ਉਚਾਈ ਵਾਲੇ ਘਰ ਪਾਣੀ ਤੋਂ ਪੂਰੀ ਤਰ੍ਹਾਂ ਵਾਂਝੇ ਹਨ। ਪਲਸੌਰਾ (ਸੈਕਟਰ 56) ਦੇ ਮਕਾਨ ਨੰਬਰ 6000 ਤੋਂ 6800 ਤੱਕ ਪਾਣੀ ਦਾ ਪ੍ਰੈਸ਼ਰ ਬਹੁਤ ਹੀ ਘੱਟ ਰਹਿੰਦਾ ਹੈ। ਡੱਡੂਮਾਜਰਾ ਵਿੱਚ ਮਕਾਨ ਨੰ. 800 ਤੋਂ 1500 ਤੱਕ ਗੰਦੇ ਤੇ ਘੱਟ ਪਾਣੀ ਦੀ ਸਪਲਾਈ ਹੋ ਰਹੀ। ਰਾਮ ਦਰਬਾਰ ਫੇਜ਼ 2 ਵਿੱਚ ਮਕਾਨ ਨੰ.500 ਤੋਂ 1300 ਤੱਕ ਪਾਣੀ ਦੀ ਸਪਲਾਈ ਬਹੁਤ ਘੱਟ ਆ ਰਹੀ ਹੈ। ਵਫ਼ਦ ਨੇ ਮੰਗ ਕੀਤੀ ਕਿ ਸਾਰੀਆਂ ਖਰਾਬ ਟਿਊਬਵੈੱਲ ਮੋਟਰਾਂ ਦੀ 7 ਦਿਨਾਂ ਅੰਦਰ ਤੁਰੰਤ ਮੁਰੰਮਤ ਅਤੇ ਚਾਲੂ ਕੀਤਾ ਜਾਵੇ, ਟੁੱਟੀਆਂ ਅਤੇ ਲੀਕ ਹੋ ਰਹੀਆਂ ਪਾਈਪਲਾਈਨਾਂ ਨੂੰ ਤੁਰੰਤ ਬਦਲਿਆ ਜਾਵੇ, ਉਚਾਈ ਵਾਲੇ ਇਲਾਕਿਆਂ ਵਿੱਚ ਪਾਣੀ ਦਾ ਪ੍ਰੈਸ਼ਰ ਬਹਾਲ ਕੀਤਾ ਜਾਵੇ, ਪਾਣੀ ਦੀ ਸ਼ੁੱਧਤਾ ਲਈ ਫਿਲਟਰੇਸ਼ਨ ਸਿਸਟਮ ਲਗਾਏ ਜਾਣ, ਪਾਣੀ ਦੀ ਸਪਲਾਈ ਲਈ ਨਿਗਰਾਨੀ ਅਤੇ ਐਮਰਜੈਂਸੀ ਪ੍ਰਬੰਧ ਲਾਗੂ ਕੀਤਾ ਜਾਵੇ।
ਧਾਰਮਿਕ ਢਾਂਚਿਆਂ ਨੂੰ ਨਾ ਤੋੜਨ ਦੀ ਮੰਗ
ਵਫ਼ਦ ਨੇ ਇਸ ਤੋਂ ਇਲਾਵਾ ਧਾਰਮਿਕ ਢਾਂਚਿਆਂ ਨੂੰ ਲੈ ਕੇ ਵੀ ਪਾਰਟੀ ਵਲੋਂ ਸਖ਼ਤ ਰਵੱਈਆ ਅਪਣਾਇਆ। ਪਾਰਟੀ ਪ੍ਰਧਾਨ ਵਿਜੈਪਾਲ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ 2009 ਵਿੱਚ ਹੁਕਮ ਦਿੱਤਾ ਸੀ ਕਿ ਕਿਸੇ ਵੀ ਧਾਰਮਿਕ ਢਾਂਚੇ ਨੂੰ ਨਾ ਤੋੜਿਆ ਜਾਵੇ। ਅਦਾਲਤੀ ਹੁਕਮਾਂ ਮੁਤਾਬਕ ਸਾਲ 2009 ਤੋਂ ਲੈ ਕੇ ਹਾਲੇ ਤੱਕ ਕੋਈ ਨਹੀਂ ਬਣੀ ਜਿਸ ਕਰਕੇ ਕਿਸੇ ਵੀ ਧਾਰਮਿਕ ਢਾਂਚੇ ਨੂੰ ਨਾ ਤੋੜਿਆ ਜਾਵੇ।