ਓਮੈਕਸ ਤੇ ਕੰਸਾਲਾ ਵਿਚਕਾਰ ਨਦੀ ’ਚ ਤੇਂਦੂਏ ਨੂੰ ਫੜਨ ਲਈ ਪਿੰਜਰਾ ਰੱਖਿਆ
ਚਰਨਜੀਤ ਸਿੰਘ ਚੰਨੀ ਮੁੱਲਾਂਪੁਰ ਗਰੀਬਦਾਸ, 6 ਫਰਵਰੀ ਨਿਊ ਚੰਡੀਗੜ੍ਹ ਦੀ ਓਮੈਕਸ ਕੰਪਨੀ ਤੇ ਪਿੰਡ ਕੰਸਾਲਾ ਵਿਚਕਾਰਲੀ ਨਦੀ ਵਿੱਚ ਜੰਗਲੀ ਜਾਨਵਰ ਤੇਂਦੂਆਂ ਵਰਗੇ ਜੰਗਲੀ ਜਾਨਵਰ ਦੇ ਘੁੰਮਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਓਮੈਕਸ ਨੇੜੇ ਪਿੰਡ ਕੰਸਾਲਾ ਵਾਲੀ ਨਦੀ...
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 6 ਫਰਵਰੀ
ਨਿਊ ਚੰਡੀਗੜ੍ਹ ਦੀ ਓਮੈਕਸ ਕੰਪਨੀ ਤੇ ਪਿੰਡ ਕੰਸਾਲਾ ਵਿਚਕਾਰਲੀ ਨਦੀ ਵਿੱਚ ਜੰਗਲੀ ਜਾਨਵਰ ਤੇਂਦੂਆਂ ਵਰਗੇ ਜੰਗਲੀ ਜਾਨਵਰ ਦੇ ਘੁੰਮਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਓਮੈਕਸ ਨੇੜੇ ਪਿੰਡ ਕੰਸਾਲਾ ਵਾਲੀ ਨਦੀ ਵਿੱਚ ਜੰਗਲੀ ਜਾਨਵਰ ਤੇਂਦੂਏ ਦੇ ਆਉਣ ਦੀ ਭਿਣਕ ਉਮੈਕਸ ਵਿਖੇ ਸਕਿਓਰਿਟੀ ਗਾਰਡਾਂ ਨੂੰ ਲੱਗੀ ਅਤੇ ਉਨ੍ਹਾਂ ਜਾਨਵਰ ਦੀ ਮੋਬਾਈਲ ਫੋਨ ਵਿੱਚ ਵੀਡੀਓ ਬਣਾ ਲਈ ਅਤੇ ਇਸ ਸਬੰਧੀ ਸੀਨੀਅਰ ਅਫ਼ਸਰਾਂ ਨੂੰ ਦੱਸਿਆ। ਉਨ੍ਹਾਂ ਅੱਗੇ ਵਣ ਵਿਭਾਗ ਨੂੰ ਸੂਚਿਤ ਕੀਤਾ। ਜੰਗਲੀ ਜੀਵ ਸੁਰੱਖਿਆ ਵਿਭਾਗ ਜਿਲਾ ਮੁਹਾਲੀ ਵੱਲੋਂ ਸਤਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਆਈ ਟੀਮ ਨੇ ਅੱਜ ਨਦੀ ਵਿੱਚ ਪਹੁੰਚ ਕੇ ਤੇਂਦੂਏ ਵਰਗੇ ਜਾਨਵਰ ਦੇ ਪੈੜਾਂ ਦੇ ਨਿਸ਼ਾਨਾਂ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਤੇਂਦੂਏ ਦੇ ਪੈੜਾਂ ਦੇ ਪੁਖਤਾ ਸਬੂਤ ਨਹੀਂ ਮਿਲੇ ਪਰ ਫਿਰ ਵੀ ਤੇਂਦੂਏ ਵਰਗੇ ਜਾਨਵਰ ਨੂੰ ਫੜਨ ਲਈ ਪਿੰਜਰਾ ਰੱਖਿਆ ਗਿਆ ਹੈ। ਉਨ੍ਹਾਂ ਪਿੰਡ ਕੰਸਾਲਾ, ਤਕੀਪੁਰ, ਹੁਸ਼ਿਆਰਪੁਰ, ਪੜੌਲ, ਰਾਣੀ ਮਾਜਰਾ, ਢਕੋਰਾਂ, ਸਿੱਸਵਾਂ, ਛੋਟੀ ਬੜੀ ਨੱਗਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ ਪਰ ਚੌਕਸੀ ਜ਼ਰੂਰ ਰੱਖੀ ਜਾਵੇ, ਕਿਉਂਕਿ ਸਿੱਸਵਾਂ ਦਾ ਪਹਾੜੀ ਖੇਤਰ ਨੇੜੇ ਪੈਂਦਾ ਹੈ ਤੇ ਅਜਿਹੇ ਜੰਗਲੀ ਜਾਨਵਰ ਆ ਸਕਦੇ ਹਨ।