ਮੁੱਖ ਮੰਤਰੀ ਮਾਨ ਵੱਲੋਂ ਪੰਜਾਬ ਦੇ ਲੋਕਾਂ ਲਈ ਇੱਕ ਵੱਡਾ ਤੋਹਫ਼ਾ ! ਸ੍ਰੀ ਆਨੰਦਪੁਰ ਸਾਹਿਬ ਵਿੱਚ ਹੈਰੀਟੇਜ ਸਟਰੀਟ ਦਾ ਰੱਖਿਆ ਨੀਂਹ ਪੱਥਰ
ਸ੍ਰੀ ਆਨੰਦਪੁਰ ਸਾਹਿਬ-ਮਾਤਾ ਨੈਣਾ ਦੇਵੀ ਰੋਪਵੇਅ ’ਤੇ ਜਲਦੀ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ: ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਹੈਰੀਟੇਜ ਸਟਰੀਟ ਦਾ ਨੀਂਹ ਪੱਥਰ ਰੱਖਿਆ, ਜੋ ਕਿ ਪੰਜਾਬ ਦੇ ਲੋਕਾਂ ਲਈ ਇੱਕ ਵੱਡਾ ਤੋਹਫ਼ਾ ਹੈ।
ਇਹ ਗੁਰੂ ਨਗਰੀ ਦੀ ਅਲੌਕਿਕ ਸੁੰਦਰਤਾ ਨੂੰ ਹੋਰ ਵਧਾਏਗਾ। ਹੈਰੀਟੇਜ ਸਟਰੀਟ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਵਿਰਾਸਤੀ ਸੜਕ 55 ਸਾਲਾਂ ਬਾਅਦ ਬਣਾਈ ਜਾ ਰਹੀ ਹੈ। ਆਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਵਜੋਂ ਜਾਣਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਉਸਾਰੀ ਵਿੱਚ ਚਿੱਟੇ ਸੰਗਮਰਮਰ ਦੀ ਵਰਤੋਂ ਕੀਤੀ ਜਾਵੇਗੀ ਅਤੇ ਛੇ ਦਰਵਾਜ਼ੇ ਬਣਾਏ ਜਾਣਗੇ, ਜੋ ਕਿ ਪੁਰਾਣੀ ਵਿਰਾਸਤ ਨਾਲ ਜੁੜੇ ਹੋਣਗੇ। ਹੋਲਾ ਮੁਹੱਲਾ ਸਮੇਤ ਕਈ ਇਤਿਹਾਸਕ ਮੇਲੇ ਇੱਥੇ ਲੱਗਦੇ ਹਨ।
ਉਨ੍ਹਾਂ ਕਿਹਾ ਕਿ ਉਹ ਇਸ ਸੇਵਾ ਨੂੰ ਪ੍ਰਾਪਤ ਕਰਕੇ ਆਪਣੇ ਆਪ ਨੂੰ ਬਹੁਤ ਕਰਮਾਂ ਵਾਲੇ ਸਮਝਦੇ ਹਨ।
ਮਾਨ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ-ਮਾਤਾ ਨੈਣਾ ਦੇਵੀ ਰੋਪਵੇਅ ’ਤੇ ਜਲਦੀ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ।